ਹੁਸ਼ਿਆਰਪੁਰ, 7 ਅਗਸਤ (RAMESH SINGH RAWAT):ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਿਰਫ ਸਾਡਾ ਫਰਜ਼ ਨਹੀਂ ਬਲਕਿ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਇਸ ਮੌਸਮ ’ਚ ਸਾਰੇ ਮਿਲ ਕੇ ਸ਼ਹਿਰਾਂ ਤੇ ਪਿੰਡਾਂ ਵਿਚ ਪੌਦੇ ਲਗਾ ਕੇ ਉਤਸਵ ਮਨਾਈਏ। ਉਹ ਅੱਜ ਵਾਰਡ ਨੰਬਰ 31 ਦੇ ਸੰਤ ਨਗਰ ਪਾਰਕ ਵਿਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪੌਦੇ ਲਗਾਉਣ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਮੇਅਰ ਨਗਰ ਨਿਗਮ ਸ੍ਰੀ ਸੁਰਿੰਦਰ ਕੁਮਾਰ ਤੇ ਸੀਨੀਅਰ ਡਿਪਟੀ ਮੇਅਰ ਸ੍ਰੀਮਤੀ ਪ੍ਰਵੀਨ ਸੈਣੀ ਵੀ ਮੌਜੂਦ ਸਨ।ਕੈਬਨਿਟ ਮੰਤਰੀ ਨੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਇਨ੍ਹਾਂ ਦੀ ਸੰਭਾਲ ਕਰਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੂਰੇ ਸੂਬੇ ਵਿਚ ਵਾਤਾਵਰਣ ਦੀ ਸੰਭਾਲ ਤੇ ਇਸ ਨੂੰ ਹਰਿਆ-ਭਰਿਆ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਨਾਗਰਿਕ ਨੂੰ ਪੰਜਾਬ ਸਰਕਾਰ ਦੀ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਹਰ ਯੋਗ ਥਾਂ ’ਤੇ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਦੀ ਵੀ ਜਿੰਮੇਵਾਰੀ ਲੈਣ ਤਾਂ ਜੋ ਵਾਤਾਵਰਣ ਨੂੰ ਆਉਣ ਵਾਲੀ ਪੀੜ੍ਹੀਆਂ ਲਈ ਸਾਫ਼-ਸੁਥਰਾ ਰੱਖਿਆ ਜਾ ਸਕੇ।ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਵੱਖ-ਵੱਖ ਸੰਗਠਨਾਂ ਤੇ ਸਿਟੀਜ਼ਨਜ਼ ਵੈਲਫੇਅਰ ਸੋਸਾਇਟੀਆਂ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਲੜੀ ਨੂੰ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦਾ ਸੰਤੁਲਨ ਲਗਾਤਾਰ ਬਿਗੜਦਾ ਜਾ ਰਿਹਾ ਹੈ, ਜਿਸ ਲਈ ਠੋਸ ਪ੍ਰਬੰਧਾਂ ਦੀ ਜ਼ਰੂਰਤ ਹੈ, ਜਿਸ ਵਿਚ ਸਭ ਤੋਂ ਪਹਿਲਾਂ ਪੌਦੇ ਲਗਾਉਣਾ ਹੀ ਆਉਂਦਾ ਹੈ ਕਿਉਂਕਿ ਪੌਦੇ ਆਕਸੀਜਨ ਦਿੰਦੇ ਹਨ ਅਤੇ ਉਸ ਨਾਲ ਵਾਤਾਵਰਣ ਸੰਤੁਲਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੌਦੇ ਲਗਾ ਕੇ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਪੌਦੇ ਲਗਾਉਣ ਦੀ ਇਸ ਮੁਹਿੰਮ ਦਾ ਉਦੇਸ਼ ਜਿਥੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ, ਉਥੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਵੀ ਕਰਨਾ ਹੈ।ਇਸ ਮੋਕੇ ਨਗਰ ਨਿਗਮ ਫਾਇਨਾਂਸ ਕਮੇਟੀ ਦੇ ਚੇਅਰਮੈਨ ਬਲਵਿੰਦਰ ਬਿੰਦੀ, ਕੌਂਸਲਰ ਮੋਨਿਕਾ ਕਤਨਾ, ਹਰਵਿੰਦਰ ਸਿੰਘ, ਮੁਖੀ ਰਾਮ, ਅਨਮੋਲ ਜੈਨ, ਸੰਦੀਪ ਸੈਣੀ, ਗੰਗਾ ਪ੍ਰਸਾਦ, ਬਲਵਿੰਦਰ ਕਤਨਾ, ਤੀਰਥ ਰਾਮ, ਵਰਿੰਦਰ ਵੈਦ, ਸੁਮੇਸ਼ ਸੋਨੀ, ਜਸਵਿੰਦਰ ਰਾਮਗੜ੍ਹੀਆ, ਤਿਲਕ ਰਾਜ, ਜਸਵੀਰ ਸਿੰਘ, ਸੁਦਰਸ਼ਨ ਵਰਮਾ, ਗੁਲਸ਼ਨ ਵਰਮਾ, ਸੰਦੀਪ ਕੋਹਲੀ, ਰਾਜਵਿੰਦਰ ਕੌਰ, ਅੰਮ੍ਰਿਤ ਕੌਰ, ਸ਼ੀਤਲ, ਸ਼ਸ਼ੀ ਗੁਪਤਾ, ਪਰਮਜੀਤ ਕੌਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
Author: DISHA DARPAN
Journalism is all about headlines and deadlines.