ਬਠਿੰਡਾ, 23 ਜੂਨ(ਬਿਊਰੋ)ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ‘ਤੇ ਪੈਂਦੇ ਪਿੰਡ ਗੁੜਥੜੀ ਵਿਖੇ ਲੋੜਵੰਦ ਤੇ ਗਰੀਬ ਪਰਿਵਾਰ ਲਈ ਮਦਦ ਦਾ ਹੱਥ ਅੱਗੇ ਵਧਾਉਂਦਿਆਂ ਮਾਨਵ ਸੇਵਾ ਫਾਊਂਡੇਸ਼ਨ ਅਤੇ ਮੈਡੀਕਲ ਐਸੋਸੀਏਸ਼ਨ ਵੱਲੋਂ ਦੋ ਮਹੀਨਿਆਂ ਦਾ ਰਾਸ਼ਨ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮਾਨਵ ਸੇਵਾ ਫਾਊਂਡੇਸ਼ਨ ਪੰਜਾਬ ਦੇ ਸੂਬਾ ਅਤੇ ਮੈਡੀਕਲ ਐਸੋਸੀਏਸ਼ਨ ਬਲਾਕ ਸੰਗਤ ਦੇ ਬਲਾਕ ਪ੍ਰਧਾਨ ਡਾ.ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਪਿੰਡ ਗੁੜਥੜੀ ਦੇ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਅਸ਼ੋਕ ਸਿੰਘ ਪੁੱਤਰ ਵਧਾਵਾ ਸਿੰਘ ਜੋ ਕਿ ਟਰੱਕ ਦੀ ਡਰਾਇਵਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਸੀ ਨੂੰ ਇੱਕ ਦਿਨ ਡਿਊਟੀ ਤੋਂ ਘਰ ਆਉਂਦੇ ਸਮੇਂ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦੀ ਪੱਸਲੀਆ ਟੁੱਟ ਗਈਆਂ ਅਤੇ ਉਹ ਕੰਮ ਕਰਨ ਤੋਂ ਅਸਮਰਥ ਹੋ ਗਿਆ।ਆਮਦਨ ਰੁਕ ਜਾਣ ਕਰਕੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੀ ਸਮੱਸਿਆ ਖੜ੍ਹੀ ਹੋ ਗਈ।ਉਨ੍ਹਾਂ ਦੱਸਿਆ ਕਿ ਅਸ਼ੋਕ ਸਿੰਘ ਦੀ ਪਤਨੀ ਵੀ ਬਿਮਾਰ ਰਹਿੰਦੀ ਹੈ ਅਤੇ ਘਰ ਵਿਚ ਨੌਜਵਾਨ ਧੀ ਹੈ ਜੋ ਕਿ ਵਿਆਹੁਣ ਯੋਗ ਹੈ ਅਤੇ ਨੌਜਵਾਨ ਬੇਟਾ ਜੋ ਕਿ ਬੇਰੁਜ਼ਗਾਰੀ ਕਾਰਨ ਕੰਮ ਦੀ ਭਾਲ਼ ਵਿੱਚ ਥਾਂ-ਥਾਂ ਧੱਕੇ ਖਾਣ ਲਈ ਮਜ਼ਬੂਰ ਹੈ।ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਘਰ ਵਿੱਚ ਕਮਾਈ ਦਾ ਸਾਧਨ ਨਾ ਹੋਣ ਕਰਕੇ ਇਸ ਗਰੀਬ ਪਰਿਵਾਰ ਲਈ ਗੁਜ਼ਾਰਾ ਕਰਨ ਲਈ ਖੜ੍ਹੀ ਹੋਈ ਮੁਸ਼ਕਿਲ ‘ਚ ਨਾਲ ਖੜ੍ਹਦਿਆਂ ਸਾਡੇ ਵੱਲੋਂ ਇਸ ਪਰਿਵਾਰ ਨੂੰ ਦੋ ਮਹਿਨਿਆਂ ਦਾ ਰਾਸ਼ਨ ਦੇ ਕੇ ਆਪਣੇ ਵੱਲੋਂ ਨਿਗੁਣੀ ਜਿਹੀ ਕੋਸ਼ਿਸ਼ ਕੀਤੀ ਗਈ ਹੈ।ਵੈਦ ਜਗਦੇਵ ਸਿੰਘ ਕੋਟਗੁਰੂ ਨੇ ਕਿਹਾ ਕਿ ਸਾਡੇ ਸਾਰੇ ਹੀ ਸਾਥੀ ਐਸੋਸੀਏਸ਼ਨ ਦੇ ਨਾਅਰੇ ‘ਪਰਮੋ ਧਰਮ’ ਦੀ ਪਾਲਣਾ ਕਰਦਿਆਂ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ।ਉਨ੍ਹਾਂ ਹੋਰ ਵੀ ਸਮਾਜਸੇਵੀ ਸੰਸਥਾਵਾਂ/ਜਥੇਬੰਦੀਆਂ ਨੂੰ ਇਸ ਗ਼ਰੀਬ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ।ਡਾਕਟਰ ਗੁਰਸੇਵਕ ਸਿੰਘ ਅਤੇ ਡਾਕਟਰ ਜੀਵਨ ਸ਼ਰਮਾ ਨੇ ਜਥੇਬੰਦੀ ਨੂੰ ਸਮਾਜਸੇਵੀ ਕੰਮਾਂ ਲਈ ਸਹਿਯੋਗ ਦੇਣ ਵਾਲ਼ੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ।
Author: DISHA DARPAN
Journalism is all about headlines and deadlines.