21 ਮਈ, ਸ਼ਾਹਿਦ ਪਰਵੇਜ਼ ਖਾਨ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਰੰਭੇ ਨਿਵੇਕਲੇ ਪ੍ਰੋਗਰਾਮ ‘ਤੁਹਾਡੀ ਸਰਕਾਰ ਤੁਹਾਡੇ ਦੁਆਰ’ ਨੂੰ ਪਟਿਆਲਾ ਜ਼ਿਲ੍ਹੇ ‘ਚ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਣਨੀਤੀ ਤਿਆਰ ਕਰ ਲਈ ਗਈ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ‘ਚ 9 ਥਾਵਾਂ ‘ਤੇ ‘ਮੁੱਖ ਮੰਤਰੀ ਡੈਸਕ’ ਸਥਾਪਤ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਤੁਹਾਡੀ ਸਰਕਾਰ, ਤੁਹਾਡੇ ਦੁਆਰ’ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰ ਅਤੇ ਸਬ-ਡਵੀਜ਼ਨ ਪੱਧਰ ‘ਤੇ ਇੱਕ-ਇੱਕ ‘ਮੁੱਖ ਮੰਤਰੀ ਡੈਸਕ’ ਸਥਾਪਤ ਕੀਤਾ ਜਾਵੇਗਾ। ਇਸ ਤਰ੍ਹਾਂ ਜ਼ਿਲ੍ਹਾ ਪੱਧਰ ‘ਤੇ ਇੱਕ ‘ਮੁੱਖ ਮੰਤਰੀ ਡੈਸਕ ਸਹਾਇਕ’ ਵੀ ਨਿਯੁਕਤ ਕੀਤਾ ਗਿਆ, ਜੋ ਕਿ ਸੀ.ਐਮ. ਡੈਸਕ ‘ਤੇ ਜ਼ਿਲ੍ਹੇ ਸਮੇਤ ਬਾਹਰਲੇ ਜ਼ਿਲ੍ਹਿਆਂ ਤੋਂ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ, ਜ਼ਿਨ੍ਹਾਂ ਦਾ ਨਿਪਟਾਰਾ ਮੁੱਖ ਮੰਤਰੀ ਦਫ਼ਤਰ ਜਾਂ ਮੁੱਖ ਦਫ਼ਤਰ, ਪੰਜਾਬ ਵੱਲੋਂ ਕੀਤਾ ਜਾਣਾ ਹੈ, ਨੂੰ ਸਰਕਾਰ ਤੱਕ ਪਹੁੰਚਾਏਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੰਤਵ ਲਈ ਪਟਿਆਲਾ ਦੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਨੂੰ ‘ਤੁਹਾਡੀ ਸਰਕਾਰ, ਤੁਹਾਡੇ ਦੁਆਰ’ ਵਾਸਤੇ ਬਤੌਰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਉਪ ਮੰਡਲ ਮੈਜਿਸਟ੍ਰੇਟ/ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਤੇ ਦਿਹਾਤੀ ਵਿਕਾਸ) ਪਟਿਆਲਾ ਦੇ ਦਫ਼ਤਰਾਂ ‘ਚ ਸਬੰਧਤ ਸੁਪਰਡੈਂਟਾਂ ਨੂੰ ਬਤੌਰ ਮੁੱਖ ਮੰਤਰੀ ਡੈਸਕ ਸਹਾਇਕ ਕੰਮ ਕਰਨ ਲਈ ਤਾਇਨਾਤ ਕੀਤਾ ਗਿਆ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸੀ.ਐਮ. ਡੈਸਕ ਸਹਾਇਕ ਪ੍ਰਾਪਤ ਹੋਈਆਂ ਦਰਖਾਸਤਾਂ ਨੂੰ ਮੁੱਖ ਮੰਤਰੀ ਦਫ਼ਤਰ ਜਾਂ ਮੁੱਖ ਦਫ਼ਤਰ, ਪੰਜਾਬ ਦੀ ਈਮੇਲ ‘ਤੇ ਭੇਜੇਗਾ ਅਤੇ ਉਸਦੀ ਇੱਕ ਕਾਪੀ ਜ਼ਿਲ੍ਹੇ ਦੀ ‘ਤੁਹਾਡੀ ਸਰਕਾਰ, ਤੁਹਾਡੇ ਦੁਆਰ’ ਦੀ ਈਮੇਲ ‘ਤੇ ਭੇਜਣ ਸਮੇਤ ਡਿਪਟੀ ਸਕੱਤਰ, ਮੁੱਖ ਮੰਤਰੀ, ਪੰਜਾਬ ਦੀ ਈਮੇਲ ‘ਤੇ ਵੀ ਭੇਜਿਆ ਜਾਵੇਗਾ। ਜਦਕਿ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਵੱਲੋਂ ਰੋਜ਼ਾਨਾ ਭੇਜੀਆਂ ਦਰਖਾਸਤਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਮੀਟਿੰਗ ‘ਚ ਹਾਜ਼ਰ ਵਧੀਕ ਡਿਪਟੀ ਕਮਿਸ਼ਨਰਾਂ (ਸ਼ਹਿਰੀ ਤੇ ਦਿਹਾਤੀ ਵਿਕਾਸ) ਤੇ ਸਾਰੇ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪੀ.ਜੀ.ਆਰ.ਐਸ. ਅਤੇ ਈ-ਸੇਵਾ ‘ਤੇ ਆਉਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਨੂੰ ਰੋਜ਼ਾਨਾ ਅਧਾਰ ‘ਤੇ ਮੋਨੀਟਰ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਹੋਵੇ।
Author: DISHA DARPAN
Journalism is all about headlines and deadlines.