ਬਠਿੰਡਾ, 20 ਮਈ (ਗੁਰਪ੍ਰੀਤ ਚਹਿਲ)
ਪੁਰਾਣੀਆਂ ਫਿਲਮਾਂ ਵਿੱਚ ਇੱਕ ਡਾਇਲਾਗ ਹੋਇਆ ਕਰਦਾ ਸੀ ‘ ਨਮਕ ਕੇ ਸਾਥ ਕੋਈ ਨਮਕ ਨਹੀਂ ਖਾਤਾ ‘ ਇਹ ਡਾਇਲਾਗ ਉੱਥੇ ਢੁਕਵਾਂ ਬੈਠਦਾ ਸੀ ਜਿੱਥੇ ਕੋਈ ਪੁਲਿਸ ਵਾਲਾ ਕਿਸੇ ਦੂਸਰੇ ਪੁਲਿਸ ਵਾਲੇ ਦੇ ਹੋ ਰਹੇ ਨੁਕਸਾਨ ਜਾਂ ਸਾਜਿਸ਼ ਦਾ ਹਿੱਸਾ ਬਣਨ ਤੋਂ ਇੰਨਕਾਰ ਕਰ ਦਿੰਦਾ ਸੀ।ਚਲੋ ਇਹ ਤਾਂ ਰਹੀ ਫਿਲਮੀ ਗੱਲ ਪਰ ਅੱਜ ਅਸੀਂ ਕੁੱਝ ਅਜਿਹੀਆਂ ਗੱਲਾਂ ਦਾ ਖੁਲਾਸਾ ਕਰਨ ਜਾ ਰਹੇ ਹਾਂ ਜਿਥੇ ਇੱਕ ਜ਼ਿੰਮੇਵਾਰ ਅਤੇ ਇਮਾਨਦਾਰ ਪੁਲਿਸ ਅਫਸਰ ਨੂੰ ਆਪਣੀ ਡਿਊਟੀ ਨਿਭਾਉਣ ਦੀ ਵੱਡੀ ਕੀਮਤ ਚੁਕਾਉਣੀ ਪਈ ਅਤੇ ਇਸ ਵਿੱਚ ਉਸਦੇ ਆਪਣੇ ਮਹਿਕਮੇ ਨੇ ਉਸਦੀ ਮੱਦਦ ਕਰਨ ਦੀ ਬਜਾਇ ਕਥਿਤ ਤੌਰ ਤੇ ਉਸ ਖ਼ਿਲਾਫ਼ ਡੂੰਘੀਆਂ ਸਾਜਿਸ਼ਾਂ ਘੜੀਆਂ।
ਗੱਲ ਕਰ ਰਹੇ ਹਾਂ ਐੱਸ ਟੀ ਐੱਫ ਬਠਿੰਡਾ ਵਿਖੇ ਬਤੌਰ ਡੀ ਐੱਸ ਪੀ ਸੇਵਾ ਨਿਭਾ ਚੁੱਕੇ ਗੁਰਸ਼ਰਨ ਸਿੰਘ ਦੀ,ਜਿਹੜੇ ਕਦੇ ਜਾਂਬਾਜ ਅਫ਼ਸਰ ਦੇ ਤੌਰ ਤੇ ਜਾਣੇ ਜਾਂਦੇ ਸਨ।ਪਰ ਅੱਜ ਲੰਬੇ ਕਨੂੰਨੀ ਘੋਲ ਉਪਰੰਤ ਅਦਾਲਤ ਵੱਲੋਂ ਬੇਗੁਨਾਹ ਸਾਬਿਤ ਹੋਣ ਦੇ ਬਾਵਜੂਦ ਆਪਣੀ ਨੌਕਰੀ ਦੀ ਮੁੜ ਬਹਾਲੀ ਲਈ ਆਪਣੇ ਹੀ ਮਹਿਕਮੇ ਦੇ ਅਫਸਰਾਂ ਦੇ ਚੱਕਰ ਕੱਟਣ ਲਈ ਮਜ਼ਬੂਰ ਹਨ।ਪਿਛਲੇ ਦਿਨੀਂ ਉਕਤ ਅਫ਼ਸਰ ਨਾਲ ਮਿਲਣ ਦਾ ਕੁਦਰਤੀ ਸਬੱਬ ਬਣਿਆ ਤਾਂ ਉਨ੍ਹਾਂ ਨਾਲ ਹੋਈ ਗੱਲਬਾਤ ਤੋਂ ਕਈ ਅਜਿਹੇ ਤੱਥ ਨਿੱਕਲ ਕੇ ਸਾਹਮਣੇ ਆਏ ਜਿੰਨਾ ਨੂੰ ਸੁਣ ਪਤਾ ਲੱਗਿਆ ਕਿ ਕਈ ਵਾਰ ਸ਼ਿੱਦਤ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਵਾਲਾ ਅਫ਼ਸਰ ਕਿਵੇਂ ਇਸ ਗੰਦੀ ਰਾਜਨੀਤੀ ਦੀ ਭੇਂਟ ਚੜ੍ਹ ਜਾਂਦਾ ਹੈ।
ਇਸ ਛੋਟੀ ਜਿਹੀ ਮੁਲਾਕਾਤ ਦੌਰਾਨ ਉਕਤ ਅਫ਼ਸਰ ਨੇ ਆਪਣੀ ਜੋ ਸੰਖੇਪ ਜਿਹੀ ਕਹਾਣੀ ਬਿਆਨ ਕੀਤੀ ਉਸ ਅਨੁਸਾਰ ਉਸਨੇ ਅਕਤੂਬਰ 2019 ਨੂੰ ਜਦੋਂ ਐੱਸ ਟੀ ਐੱਫ ਜੁਆਇੰਨ ਕੀਤੀ ਉਦੋਂ ਤੋਂ ਮਨ ਹੀ ਮਨ ਇਹ ਕਸਮ ਖਾਧੀ ਕਿ ਨਸ਼ਿਆਂ ਸਮੇਤ ਹੋਰ ਜਿੰਨੇ ਵੀ ਸਮਾਜ ਵਿਰੋਧੀ ਕੰਮ ਹਨ, ਉਹਨਾ ਦਾ ਆਪਣੀ ਸਮਰੱਥਾ ਅਨੁਸਾਰ ਖਾਤਮਾ ਕਰਕੇ ਰਹੇਗਾ।ਬਤੌਰ ਐੱਸ ਟੀ ਐੱਫ ਮੁਖੀ ਉਨ੍ਹਾਂ ਆਪਣੇ ਨਾਲ ਕੰਮ ਕਰਨ ਵਾਲੀ ਟੀਮ ਨੂੰ ਸਖ਼ਤ ਹਦਾਇਤਾਂ ਕੀਤੀਆਂ ਸਨ ਕਿ ਜੇਕਰ ਕਿਸੇ ਵੀ ਮੈਂਬਰ ਵੱਲੋਂ ਕਿਸੇ ਵੀ ਨਸ਼ਾ ਤਸਕਰ ਨੂੰ ਪੈਸਾ ਆਦਿ ਲੈਕੇ ਛੱਡਿਆ ਤਾਂ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਸੇਵਾ ਦੇ ਸਿਰਫ ਗਿਆਰਾਂ ਮਹੀਨਿਆਂ ਦੇ ਥੋੜੇ ਸਮੇਂ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ ਨਸ਼ੇ ਦੇ ਸਬੰਧੀ 156 ਮਾਮਲੇ ਦਰਜ਼ ਕੀਤੇ ਗਏ ਜਿਹੜੇ ਕਿ ਸਾਰੇ ਹੀ ਟੂ ਕੋਰਟ ਵੀ ਹੋਏ।ਉਕਤ ਅਧਿਕਾਰੀ ਅਨੁਸਾਰ ਉਨ੍ਹਾਂ ਵੱਲੋਂ ਜਿਸ ਕਿਸੇ ਤੋ ਜਿੰਨਾ ਨਸ਼ਾ ਬਰਾਮਦ ਕੀਤਾ ਗਿਆ ਉਨ੍ਹਾਂ ਹੀ ਪਾਇਆ ਗਿਆ। ਉਨ੍ਹਾਂ ਵੱਲੋਂ ਜੁਰਮ ਅਤੇ ਮੁਜਰਮ ਨਾਲ ਕਦੇ ਕਿਸੇ ਵੀ ਕਿਸਮ ਦਾ ਸਮਝੌਤਾ ਨਹੀਂ ਕੀਤਾ ਗਿਆ ਅਤੇ ਆਪਣੀ ਜੇਬ ਚੋਂ ਖਰਚਾ ਕਰਕੇ ਵੀ ਨਸ਼ਾ ਤਸਕਰਾਂ ਨੂੰ ਟ੍ਰੇਸ ਕੀਤਾ ਜਾਂਦਾ ਰਿਹਾ।
ਆਪਣੀ ਜ਼ਿੰਦਗੀ ਵਿੱਚ ਆਏ ਇੱਕ ਭਿਆਨਕ ਮੋੜ ਦਾ ਜਿਕਰ ਕਰਦਿਆਂ ਉਕਤ ਅਧਿਕਾਰੀ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕੁੱਝ ਨਸ਼ਾ ਤਸਕਰ ਇੱਕ ਗੱਡੀ ਤੇ ਸਵਾਰ ਹੋ ਵੱਡੀ ਮਾਤਰਾ ਵਿੱਚ ਨਸ਼ਾ ਲੈਕੇ ਗੋਨੀਆਣਾ ਵਾਲੇ ਪਾਸਿਓਂ ਬਠਿੰਡਾ ਆ ਰਹੇ ਹਨ।ਮਿਲੀ ਸੂਚਨਾ ਦੇ ਅਧਾਰ ਤੇ ਉਨ੍ਹਾਂ ਵੱਲੋਂ ਆਪਣੀ ਟੀਮ ਸਮੇਤ ਲੋੜੀਂਦੀ ਨਾਕਾਬੰਦੀ ਕਰ ਲਈ।ਕੁੱਝ ਸਮੇਂ ਬਾਅਦ ਦੱਸੀ ਨਿਸ਼ਾਨੀ ਮੁਤਾਬਕ ਇੱਕ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਵਿੱਚ ਇੱਕ ਮਰਦ,ਇੱਕ ਔਰਤ ਅਤੇ ਇੱਕ ਨੌਜਵਾਨ ਲੜਕਾ ਸਵਾਰ ਹੋ ਕੇ ਆ ਰਹੇ ਸਨ। ਉਕਤ ਗੱਡੀ ਵਿਚ ਬੈਠੇ ਵਿਅਕਤੀ ਵੱਲੋਂ ਸਾਡੀ ਟੀਮ ਦੇ ਕੁੱਝ ਮੈਂਬਰਾਂ ਨੂੰ ਪਹਿਚਾਣ ਲਿਆ ਅਤੇ ਤੇਜ਼ ਰਫ਼ਤਾਰ ਗੱਡੀ ਨੂੰ ਭਾਈ ਘਨ੍ਹਈਆ ਚੌਂਕ ਤੋਂ ਘੁਮਾ ਦੁਬਾਰਾ ਗੋਨੀਆਣਾ ਵੱਲ ਭੱਜਣ ਲੱਗੇ, ਮੁਸਤੈਦ ਟੀਮ ਵੱਲੋਂ ਪਿੱਛਾ ਕਰਦਿਆਂ ਉਕਤ ਗੱਡੀ ਨੂੰ ਘੇਰ ਲਿਆ ਅਤੇ ਉਸ ਵਿਚਲੇ ਤਿੰਨਾ ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਲਿਆ ਗਿਆ। ਜਦੋਂ ਦੋਸ਼ੀਆਂ ਨੂੰ ਬਾਹਰ ਕੱਢਿਆ ਗਿਆ ਤਾਂ ਉਨ੍ਹਾਂ ਨੂੰ ਇਹ ਜਾਣ ਹੈਰਾਨੀ ਹੋਈ ਕਿ ਉਨ੍ਹਾਂ ਵਿੱਚ ਮੌਜੂਦ ਵਿਅਕਤੀ ਰਾਜਵਿੰਦਰ ਸਿੰਘ ਉਸ ਸਮੇਂ ਦਾ ਏ ਐੱਸ ਆਈ ਸੀ ਅਤੇ ਉਸਦੇ ਨਾਲ ਬੈਠੀ ਔਰਤ ਕੁਲਦੀਪ ਕੌਰ ਅਤੇ ਕੁਲਦੀਪ ਕੌਰ ਦਾ ਲੜਕਾ ਹਰਪ੍ਰੀਤ ਸਿੰਘ ਉਸ ਦੇ ਸਾਥੀ ਸਨ। ਦੱਸ ਦੇਈਏ ਕਿ ਉਕਤ ਕੁਲਦੀਪ ਕੌਰ ਨਾਮਕ ਔਰਤ ਜਿਸਨੂੰ ਅੱਜ ਵੀ ਪੁਲਿਸ ਵੱਲੋਂ ਰਾਜਵਿੰਦਰ ਸਿੰਘ ਦੀ ਪਤਨੀ ਦਿਖਾਇਆ ਜਾ ਰਿਹਾ ਹੈ ਪਰ ਗੁਰਸ਼ਰਨ ਸਿੰਘ ਮੁਤਾਬਿਕ ਉਹ ਉਸਦੀ ਘਰਵਾਲੀ ਨਹੀਂ ਬਲਕਿ ਸਿਰਫ ਰਖੇਲ ਹੈ।ਤਿੰਨਾਂ ਨੂੰ ਕਾਬੂ ਕਰ ਉਨ੍ਹਾਂ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਪੂਰਾ ਮਾਮਲਾ ਲਿਆਂਦਾ ਗਿਆ।ਉਕਤ ਅਧਿਕਾਰੀ ਦੇ ਦੱਸਣ ਅਨੁਸਾਰ ਕਿੱਥੇ ਤਾਂ ਵਿਭਾਗ ਵੱਲੋਂ ਅਜਿਹੀਆਂ ਕਾਲੀਆਂ ਭੇਡਾਂ ਨੂੰ ਬੇਨਕਾਬ ਕਰਨ ਲਈ ਉਸਨੂੰ ਸ਼ਾਬਾਸ਼ ਦੇਣੀ ਬਣਦੀ ਸੀ ਕਿੱਥੇ ਮਹਿਕਮੇ ਵਲੋਂ ਉਨ੍ਹਾਂ ਉੱਤੇ ਪੂਰਾ ਦਬਾਅ ਪਾਇਆ ਗਿਆ ਕਿ ਮਾਮਲੇ ਨੂੰ ਦਬਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਫਰਜ਼ ਨੂੰ ਪਹਿਲ ਦਿੰਦੇ ਹੋਏ ਆਪਣੀ ਕਾਰਵਾਈ ਜ਼ਾਰੀ ਰੱਖੀ ਅਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਦਿੱਤਾ।ਉਧਰ ਜ਼ਮਾਨਤ ਮਿਲਣ ਤੋਂ ਬਾਅਦ ਉਕਤ ਕੁਲਦੀਪ ਕੌਰ ਨਾਮਕ ਔਰਤ ਨੇ ਉਨ੍ਹਾਂ ਉੱਤੇ ਕਥਿਤ ਤੌਰ ਤੇ ਬਲਾਤਕਾਰ ਦਾ ਮੁਕੱਦਮਾ ਦਰਜ਼ ਕਰਵਾ ਦਿੱਤਾ।ਜਿਸਤੇ ਮਹਿਕਮੇ ਵੱਲੋਂ ਉਕਤ ਅਧਿਕਾਰੀ ਦੀ ਕੋਈ ਸੁਣਵਾਈ ਨਾ ਕਰਦੇ ਹੋਏ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ। ਉੱਚ ਅਧਿਕਾਰੀਆਂ ਨੂੰ ਆਪਣੇ ਬੇ ਗੁਨਾਹ ਹੋਣ ਦੇ ਬਥੇਰੇ ਤਰਕ ਦਿੱਤੇ ਪਰ ਕਿਤੇ ਨਾ ਕਿਤੇ ਇੰਨਸਾਫ ਉੱਤੇ ਰਾਜਨੀਤੀ ਭਾਰੀ ਪੈਂਦੀ ਦਿਖਾਈ ਦਿੱਤੀ। ਮਹਿਕਮੇ ਵੱਲੋਂ ਵਾਰ ਵਾਰ ਖੱਜਲ ਖੁਆਰ ਕਰਨ ਅਤੇ ਕੋਈ ਸੁਣਵਾਈ ਨਾ ਹੁੰਦੀ ਦੇਖ ਅੱਕ ਕੇ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਅਤੇ ਅਖੀਰ ਮਾਣਯੋਗ ਅਦਾਲਤ ਵੱਲੋਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਦਿਆਂ ਇਸ ਬੇ ਬੁਨਿਆਦ ਮਾਮਲੇ ਨੂੰ ਝੂਠਾ ਕਰਾਰ ਦਿੰਦਿਆਂ ਉਕਤ ਅਧਿਕਾਰੀ ਨੂੰ ਦੋਸ਼ ਮੁਕਤ ਕਰ ਦਿੱਤਾ। ਗੁਰਸ਼ਰਨ ਸਿੰਘ ਅਨੁਸਾਰ ਮਾਣਯੋਗ ਅਦਾਲਤ ਦਾ ਫੈਸਲਾ ਆਏ ਕਈ ਮਹੀਨੇ ਬੀਤ ਚੁੱਕੇ ਹਨ ਅਤੇ ਹੁਣ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਨੌਕਰੀ ਤੇ ਬਹਾਲ ਕੀਤਾ ਜਾਣਾ ਚਾਹੀਦਾ ਹੈ ਪਰ ਇਸ ਫੈਸਲੇ ਦੀਆਂ ਕਾਪੀਆਂ ਵੀ ਸਬੰਧਤ ਵਿਭਾਗ ਤੱਕ ਨਹੀਂ ਭੇਜੀਆਂ ਜਾ ਰਹੀਆਂ। ਜਦੋਂ ਉਨ੍ਹਾਂ ਖੁਦ ਇਸ ਬਾਰੇ ਪੜਤਾਲ ਕਰਦਿਆਂ ਇਸ ਉੱਪਰ ਕਾਰਵਾਈ ਕਰਵਾਉਣੀ ਚਾਹੀ ਤਾਂ ਕੁੱਝ ਅਧਿਕਾਰੀਆਂ ਵੱਲੋਂ ਕਥਿਤ ਰੂਪ ਵਿੱਚ ਕੁੱਝ ਖ਼ਾਮੀਆਂ ਰੱਖ ਫਾਈਲ ਉੱਪਰ ਭੇਜ ਤਾਂ ਦਿੱਤੀ ਗਈ ਪਰ ਤਰੁੱਟੀਆਂ ਕਾਰਨ ਉਨ੍ਹਾਂ ਦੀ ਬਹਾਲੀ ਨਾ ਹੋ ਸਕੀ। ਉਨ੍ਹਾਂ ਨੂੰ ਆਪਣੀ ਮੁੜ ਬਹਾਲੀ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਅਤੇ ਜਿਸ ਮਹਿਕਮੇ ਵਿੱਚ ਉਨ੍ਹਾਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਅੱਜ ਉਸੇ ਮਹਿਕਮੇ ਕੋਲੋਂ ਉਨ੍ਹਾਂ ਨੂੰ ਇੰਨਸਾਫ ਮਿਲਦਾ ਦਿਖਾਈ ਨਹੀਂ ਦੇ ਰਿਹਾ। ਅੱਜ ਚਾਹੇ ਉਕਤ ਅਫ਼ਸਰ ਉੱਤੇ ਲੱਗਾ ਦਾਗ਼ ਤਾਂ ਸਾਫ ਹੋ ਚੁੱਕਾ ਹੈ ਪਰ ਇਸ ਲੜਾਈ ਦੌਰਾਨ ਇਸ ਅਧਿਕਾਰੀ ਦਾ ਭਾਰੀ ਆਰਥਿਕ ਅਤੇ ਮਾਨਸਿਕ ਨੁਕਸਾਨ ਹੋਣ ਦੇ ਨਾਲ ਨਾਲ ਸਭ ਤੋਂ ਵੱਡਾ ਨੁਕਸਾਨ ਜੋ ਹੋਇਆ ਹੈ ਉਹ ਹੈ ਉਨ੍ਹਾਂ ਦਾ ਕਰੀਬੀ ਰਿਸ਼ਤੇਦਾਰ ਕਮਲਜੀਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਆਤਮਦਾਹ। ਜਿਕਰਯੋਗ ਹੈ ਕਿ ਸੀਨੀਅਰ ਪੱਤਰਕਾਰ ਕਮਲਜੀਤ ਸਿੰਘ ਸਿੱਧੂ ਉਕਤ ਗੁਰਸ਼ਰਨ ਸਿੰਘ ਦਾ ਬੜਾ ਨਜਦੀਕੀ ਰਿਸ਼ਤੇਦਾਰ (ਸਾਲਾ ਸਾਹਬ) ਸੀ। ਜਿਹੜਾ ਇਸ ਝੂਠੇ ਕੇਸ ਦੀ ਜਲਾਲਤ ਨੂੰ ਨਾ ਸਹਾਰਦੇ ਹੋਏ ਕੁੱਝ ਸਮਾ ਪਹਿਲਾਂ ਆਤਮਦਾਹ ਕਰ ਗਿਆ ਸੀ ਅਤੇ ਉਕਤ ਦੀ ਮਾਤਾ ਇਸ ਮਾਮਲੇ ਤੋ ਮਿਲੇ ਡੂੰਘੇ ਜਖ਼ਮ ਕਾਰਨ ਅੱਜ ਗਹਿਰੇ ਸਦਮੇ ਵਿਚ ਹੈ ਜਿਸਦਾ ਕੁੱਝ ਹੱਦ ਤੱਕ ਜਿੰਮੇਵਾਰ ਉਕਤ ਅਧਿਕਾਰੀ ਆਪਣੇ ਆਪ ਨੂੰ ਵੀ ਮੰਨਦਾ ਹੈ। ਉਕਤ ਅਧਿਕਾਰੀ ਵੱਲੋਂ ਮਾਣਯੋਗ ਅਦਾਲਤ ਵੱਲੋਂ ਬੇਗੁਨਾਹ ਸਾਬਿਤ ਹੋਣ ਦੇ ਬਾਵਜੂਦ ਅਜੇ ਵੀ ਆਪਣੀ ਨੌਕਰੀ ਬਹਾਲੀ ਲਈ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵਿਭਾਗ ਆਪਣੇ ਇਸ ਅਧਿਕਾਰੀ ਨੂੰ ਅੱਗੇ ਕੀ ਇਨਾਮ ਦਿੰਦਾ ਹੈ।
Author: DISHA DARPAN
Journalism is all about headlines and deadlines.