ਭੁੱਚੋ , 11 ਮਈ( ਗੁਰਪ੍ਰੀਤ ਚਹਿਲ)
ਪੰਜਾਬ ਅੰਦਰ ਭਾਵੇਂ ਨਵੀਂ ਬਣੀ ਸਰਕਾਰ ਨੂੰ ਮੁੱਖ ਮੰਤਰੀ ਵੱਲੋਂ ਨਸ਼ਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀਆਂ ਆਏ ਦਿਨ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਪਰ ਜ਼ਮੀਨੀ ਹਕੀਕਤ ਸ਼ਾਇਦ ਕੁਝ ਹੋਰ ਹੀ ਕਹਾਣੀ ਬਿਆਨ ਕਰਦੀ ਦਿਖਾਈ ਦੇ ਰਹੀ ਹੈ। ਚਿੱਟੇ ਰੂਪੀ ਜ਼ਹਿਰ ਖਿਲਾਫ ਨਿੱਤ ਦਿਨ ਲੱਗ ਰਹੇ ਧਰਨੇ ਇਸ ਗੱਲ ਦਾ ਸਬੂਤ ਹਨ ਕਿ ਵੱਡੇ ਸਾਹਬ ਦੇ ਕਹੇ ਅਨੁਸਾਰ ਪੰਜਾਬ ਦਾ ਪੁਲਿਸ ਮਹਿਕਮਾ ਚਲਦਾ ਦਿਖਾਈ ਨਹੀਂ ਦੇ ਰਿਹਾ। ਮਾਮਲਾ ਬਠਿੰਡਾ ਤੋਂ ਥੋੜੀ ਦੂਰ ਪਿੰਡ ਚੱਕ ਫਤਹਿ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਚਿੱਟੇ ਦੇ ਵਪਾਰੀਆਂ ਨੂੰ ਬਣਦੀ ਸਜ਼ਾ ਦਬਾਉਣ ਲਈ ਪਿੰਡ ਵਾਸੀਆਂ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਪਿਛਲੇ ਕਰੀਬ ਚੌਦਾਂ ਦਿਨਾਂ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਇਸ ਬਾਰੇ ਗੱਲ ਕਰਦਿਆਂ ਮਹਿਲਾ ਆਗੂ ਅਮਰਜੀਤ ਕੌਰ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਚਿੱਟੇ ਦੇ ਤਸਕਰ ਦਿਨ ਬ ਦਿਨ ਵਧਦੇ ਹੀ ਜਾ ਰਹੇ ਹਨ ਪਰ ਪੁਲਿਸ ਇਸਨੂੰ ਕੰਟਰੋਲ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਨਹੀਂ ਪਾ ਰਹੀ। ਪਿੰਡ ਵਾਸੀਆਂ ਵੱਲੋਂ ਕਰੀਬ ਗਿਆਰਾਂ ਚਿੱਟੇ ਦੇ ਵਪਾਰੀਆਂ ਨੂੰ ਭੁੱਚੋਂ ਪੁਲਿਸ ਹਵਾਲੇ ਕੀਤਾ ਗਿਆ ਹੈ ਪਰ ਇਹਨਾ ਲੋਕਾਂ ਨੂੰ ਪੁਲਿਸ ਵੱਲੋਂ ਅਸਾਨੀ ਨਾਲ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਹੈਰਾਨੀ ਵਾਲੀ ਗੱਲ ਦੱਸੀ ਕਿ ਪੰਜ ਵਿਅਕਤੀਆਂ ਨੂੰ ਪਿੰਡ ਵਾਸੀਆਂ ਵੱਲੋਂ 400 ਗ੍ਰਾਮ ਚਿੱਟੇ ਸਮੇਤ ਪੁਲਿਸ ਹਵਾਲੇ ਕੀਤਾ ਸੀ ਪਰ ਉਨ੍ਹਾਂ ਉੱਪਰ ਸਿਰਫ ਡੇਢ ਗ੍ਰਾਮ ਚਿੱਟੇ ਦਾ ਮਾਮਲਾ ਦਰਜ਼ ਕੀਤਾ ਗਿਆ ਹੈ ਜਿਸਦੀ ਅਸਾਨੀ ਨਾਲ ਜਮਾਨਤ ਹੋ ਗਈ। ਹੁਣ ਉਹੀ ਤਸਕਰ ਨਾ ਸਿਰਫ ਪਹਿਲਾਂ ਦੀ ਤਰ੍ਹਾਂ ਇਸ ਨਸ਼ੇ ਦਾ ਵਪਾਰ ਹੀ ਕਰ ਰਹੇ ਹਨ ਬਲਕਿ ਸਾਨੂੰ ਸ਼ਰੇਆਮ ਧਮਕੀਆਂ ਵੀ ਦੇ ਰਹੇ ਹਨ। ਨਸ਼ੇ ਦੇ ਆਦੀ ਲੋਕਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਲੋਕ ਨਸ਼ੇ ਦੀ ਪੂਰਤੀ ਲਈ ਘਰਾਂ ਚੋ ਸਮਾਨ ਚੋਰੀ ਕਰਦੇ ਹਨ ਅਤੇ ਖੇਤਾਂ ਚੋ ਮੋਟਰਾਂ ਦੀਆਂ ਤਾਰਾਂ ਅਤੇ ਟ੍ਰਾਂਸਫਾਰਮਰਾਂ ਦਾ ਤੇਲ ਤੱਕ ਚੋਰੀ ਕਰਨ ਤੋਂ ਬਾਜ ਨਹੀਂ ਆਉਂਦੇ । ਪਿੰਡ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੂੰ ਸਵਾਲ ਕੀਤਾ ਕਿ ਲੋਕਾਂ ਨੂੰ ਮੁਫ਼ਤ ਸਕੀਮਾਂ ਦਾ ਕੀ ਲਾਭ ਜੇਕਰ ਸਾਡੀ ਨਸਲ ਹੀ ਇਸ ਨਸ਼ੇ ਦੀ ਭੇਂਟ ਚੜ੍ਹ ਗਈ।
Author: DISHA DARPAN
Journalism is all about headlines and deadlines.