ਸੰਗਤ ਮੰਡੀ,2ਮਈ(ਪੱਤਰ ਪ੍ਰੇਰਕ)ਬੀਤੇ ਦਿਨੀਂ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 60ਵੇਂ ਸਥਾਪਨਾ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਹਲਕਾ ਬਠਿੰਡਾ (ਦਿਹਾਤੀ) ਦੇ ਐੱਮ.ਐਲ.ਏ. ਅਮਿਤ ਰਤਨ ਕੋਟਫੱਤਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਦੀ ਆਮਦ ‘ਤੇ ਸਮੂਹ ਅਧਿਆਪਕ ਸਾਹਿਬਾਨ ਵੱਲੋਂ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ । ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਤੇ ਕਾਲਜ ਦੀਆਂ ਲੋੜਾਂ ਬਾਰੇ ਜਾਣੂ ਕਰਵਾਇਆ। ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਡਾ. ਨੀਤੂ ਅਰੋੜਾ ਨੇ ਉਚੇਰੀ ਸਿੱਖਿਆ ਅਦਾਰਿਆਂ ਦੀ ਵਿਦਿਆਰਥੀ ਜੀਵਨ ਵਿੱਚ ਭੂਮਿਕਾ ਬਾਰੇ ਭਾਸ਼ਣ ਦਿੱਤਾ। ਦੂਜੇ ਸੈਸ਼ਨ “ਮੈਂ ਤੇ ਮੇਰਾ ਕਾਲਜ” ਵਿੱਚ ਵਿਦਿਆਰਥੀਆਂ ਨੇ ਯੂਨੀਵਰਸਿਟੀ ਕਾਲਜ ਘੁੱਦਾ ਬਾਰੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ। ਤੀਜੇ ਸੈਸ਼ਨ ਵਿੱਚ ਡਾ. ਵੀਰਪਾਲ ਕੌਰ ਅਤੇ ਡਾ. ਅਮਨਪ੍ਰੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਬਤੌਰ ਵਿਦਿਆਰਥੀ ਬਿਤਾਏ ਆਪਣੇ ਜੀਵਨ ਦੇ ਪਲਾਂ ਨੂੰ ਸਾਂਝਾ ਕੀਤਾ। ਇਸ ਮੌਕੇ ਐਮ.ਐਲ.ਏ. ਅਮਿਤ ਰਤਨ ਨੇ ਕਾਲਜਾਂ/ਯੂਨੀਵਰਸਿਟੀ ਦੇ ਮਾਲਵਾ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਾਰੇ ਤਫ਼ਸੀਲ ਵਿੱਚ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਹੁਨਰ ਨੂੰ ਪੈਦਾ ਕਰਨ ਤੇ ਤਰਾਸ਼ਨ ਲਈ ਪ੍ਰੇਰਿਆ।ਸਮਾਗਮ ਦੌਰਾਨ ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਇੱਕ ਅੰਗ ਵਜੋਂ ਕਾਰਜਸ਼ੀਲ ਯੂਨੀਵਰਸਿਟੀ ਕਾਲਜ ਘੁੱਦਾ ਦੀਆਂ ਵਿਦਿਅਕ, ਸੱਭਿਆਚਾਰਕ ਅਤੇ ਖੇਡਾਂ ਵਿਚਲੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਸਿੱਖਿਆ ਪੱਖੋਂ ਪੱਛੜੇ ਇਸ ਖੇਤਰ ਵਿੱਚ ਕਾਲਜ ਦੀ ਵਿਸ਼ੇਸ਼ ਭੂਮਿਕਾ ਨੂੰ ਉਜ਼ਾਗਰ ਕੀਤਾ। ਸਮਾਗਮ ਦੇ ਅਖੀਰ ਵਿੱਚ ਡਾ. ਕਿਰਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।
Author: DISHA DARPAN
Journalism is all about headlines and deadlines.