ਰਾਮਪੁਰਾ, 01ਮਈ (ਗੁਰਪ੍ਰੀਤ ਚਹਿਲ)
ਰਾਮਪੁਰਾ ਦੇ ਸਰਕਾਰੀ ਹਸਪਤਾਮ ਤੋਂ ਇਕ ਕਲਯੁੱਗੀ ਮਾਂ ਵਲੋਂ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਮਾਸੂਮ ਬੱਚਿਆਂ, ਪਤੀ ਅਤੇ ਸੱਸ ਨੂੰ ਦਾਲ ’ਚ ਜ਼ਾਹਿਰ ਪਾ ਕੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੀੜਤ ਬਲਜੀਤ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਵਿਦੇਸ਼ ਸਿੰਘਾਪੁਰ ਜਾ ਕੇ ਕੰਮ ਕਰਨਾ ਚਾਹੁੰਦੀ ਸੀ। ਇਸ ਜ਼ਿੱਦ ਕਰਕੇ ਮਜਬੂਰੀ ’ਚ ਉਸ ਨੇ ਘਰ ਦਾ ਸਾਰਾ ਸਾਮਾਨ ਵੇਚ ਕੇ ਆਪਣੀ ਪਤਨੀ ਨੂੰ ਸਿੰਗਾਪੁਰ ਭੇਜਿਆ ਸੀ ਪਰ ਉਸਦੀ ਪਤਨੀ ਮਾਰਚ 22 ਨੂੰ ਇਕ ਸਾਲ ਤੋਂ ਬਾਅਦ ਵਾਪਸ ਪੰਜਾਬ ਆ ਗਈ। ਜਿੱਥੇ ਉਸ ਦੇ ਨਾਜਾਇਜ਼ ਸੰਬੰਧ ਬਾਘਾ ਪੁਰਾਣਾ ਦੇ ਪਿੰਡ ਜੈਮਲਵਾਲਾ ਦੇ ਇਕ ਟੇਲਰ ਨਾਲ ਬਣ ਗਏ। ਵਾਰ-ਵਾਰ ਪਤਨੀ ਨੂੰ ਸਮਝਾਉਣ ’ਤੇ ਵੀ ਉਸ ਵੱਲੋਂ ਆਪਣੇ ਕਥਿਤ ਆਸ਼ਿਕ ਦਾ ਖਹਿੜਾ ਨਹੀਂ ਛੱਡਿਆ। ਪਿੰਡ ਪੰਚਾਇਤਾਂ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਭਰੋਸਾ ਦੇਣ ਦੇ ਚੱਲਦਿਆਂ ਅੱਜ ਤੋਂ ਇਕ ਹਫ਼ਤਾ ਪਹਿਲਾਂ ਹੀ ਉਸਦੀ ਪਤਨੀ ਵਾਪਸ ਪਿੰਡ ਆਈ ਸੀ।ਪੀੜਤ ਬਲਜੀਤ ਸਿੰਘ ਨੇ ਦੋਸ਼ ਲਾਇਆ ਕਿ ਉਸਦੀ ਪਤਨੀ ਅਤੇ ਉਸਦਾ ਆਸ਼ਕ ਵਾਰ-ਵਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਜਿਸ ਦੇ ਚਲਦਿਆਂ ਲੰਘੀ ਰਾਤ ਨੂੰ ਘਰ ਵਿੱਚ ਬਣਾਈ ਦਾਲ ਵਿੱਚ ਜ਼ਹਿਰੀਲੀ ਚੀਜ਼ ਪਾ ਕੇ ਉਸ ਨੂੰ ਅਤੇ ਪਰਿਵਾਰ ਸਮੇਤ ਜਾਨੋਂ ਮਾਰਨ ਲਈ ਉਸਦੀ ਪਤਨੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਤੁਰੰਤ ਜ਼ਹਿਰ ਦਾ ਅਸਰ ਸ਼ੁਰੂ ਹੋਣ ਲੱਗ ਪਿਆ ਅਤੇ ਉਹ ਡਿੱਗ ਪਿਆ। ਕਲਯੁੱਗੀ ਮਾਂ ਨੇ ਆਪਣੇ ਬੱਚਿਆਂ ਨੂੰ ਵੀ ਜ਼ਹਿਰ ਦੇ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਉਸ ਦੀ ਪਤਨੀ ਉਸਦੇ ਆਸ਼ਕ ਅਤੇ ਸਹੁਰਾ ਪਰਿਵਾਰ ਦਾ ਵੱਡਾ ਹੱਥ ਹੈ ਜੋ ਵਾਰ ਵਾਰ ਤੰਗ ਪ੍ਰੇਸ਼ਾਨ ਕਰਦੇ ਸਨ।ਇਸ ਮੌਕੇ ਜ਼ੇਰੇ ਇਲਾਜ ਦਾਖਲ ਛੋਟੀ ਬੱਚੀ ਨੇ ਵੀ ਆਪਣੀ ਮਾਂ ਵੱਲੋਂ ਦਿੱਤੀ ਜ਼ਹਿਰ ਦੀਆਂ ਪਰਤਾਂ ਖੋਲ੍ਹਦਿਆਂ ਕਿਹਾ ਕਿ ਮਾਂ ਵੱਲੋਂ ਦਿੱਤੀ ਦਾਲ ਕਾਰਨ ਸਾਰਾ ਪਰਿਵਾਰ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਰਾਤ ਸਮੇਂ ਉਸਦੀ ਮਾਂ ਘਰੋਂ ਇੱਕ ਗੱਡੀ ਵਿੱਚ ਬਹਿ ਕੇ ਚਲੀ ਗਈ । ਇਸ ਮੌਕੇ ਪੀੜ੍ਹਤ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਉਥੇ ਪੀੜ੍ਹਤ ਧਿਰ ਵੱਲੋਂ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾ ਮੁਤਬਿਕ ਅਜਿਹੇ ਅਜੋਕੇ ਯੁੱਗ ਵਿੱਚ ਨਾਜਾਇਜ਼ ਸਬੰਧਾਂ ਦੇ ਚਲਦਿਆਂ ਸਾਰੇ ਪਰਿਵਾਰ ਨੂੰ ਖ਼ਤਮ ਕਰਨ ਲਈ ਇਹ ਘਟਨਾ ਨੂੰ ਅੰਜ਼ਾਮ ਉਸਦੀ ਪਤਨੀ ਅਤੇ ਆਸ਼ਕ ਨੇ ਦਿੱਤਾ ਹੈ। ਇਸ ਮਾਮਲੇ ਸੰਬੰਧੀ ਰਾਮਪੁਰਾ ਸਰਕਾਰੀ ਹਸਪਤਾਲ ਦੇ ਮੈਡੀਕਲ ਅਫਸਰ ਡਾ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਇਲਾਜ ਜਾਰੀ ਹੈ ਅਤੇ ਸੈਂਪਲ ਅੱਗੇ ਟੈਸਟ ਲਈ ਭੇਜ ਦਿੱਤੇ ਹਨ। ਪੁਲਸ ਨੂੰ ਵੀ ਇਸ ਮਾਮਲੇ ਸੰਬੰਧੀ ਜਾਣਕਾਰੀ ਦੇ ਦਿੱਤੀ ਹੈ ਅਤੇ ਉਨ੍ਹਾਂ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Author: DISHA DARPAN
Journalism is all about headlines and deadlines.