ਬਠਿੰਡਾ, 01 ਮਈ (ਗੁਰਪ੍ਰੀਤ ਚਹਿਲ)
ਅੱਜ ਬਠਿੰਡਾ ਦੇ ਅੰਬੇਦਕਰ ਭਵਨ ਵਿਖੇ ਐੱਸ ਸੀ ਭਾਈਚਾਰੇ ਨਾਲ ਸਬੰਧਤ ਪੰਚਾਂ ਅਤੇ ਸਰਪੰਚਾਂ ਦੀ ਇੱਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਦਲਿਤ ਮਹਾਂ ਪੰਚਾਇਤ ਦੇ ਸੂਬਾ ਆਗੂ ਕਿਰਨਜੀਤ ਸਿੰਘ ਗਹਿਰੀ ਨੇ ਕੀਤੀ।ਇਸ ਮੀਟਿੰਗ ਵਿੱਚ ਉਕਤ ਭਾਈਚਾਰੇ ਨਾਲ ਸਬੰਧਤ ਪੰਚਾਂ ਸਰਪੰਚਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਬਤ ਖੁੱਲ ਕੇ ਚਰਚਾ ਕੀਤੀ ਗਈ।ਇਸ ਬਾਰੇ ਬੋਲਦਿਆਂ ਸ੍ਰੀ ਗਹਿਰੀ ਨੇ ਦੱਸਿਆ ਕਿ ਪਿੰਡ ਮਾਈਸਰਖਾਨਾ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਸਰਪੰਚ ਸਤਨਾਮ ਸਿੰਘ ਨੂੰ ਸਬੰਧਤ ਹਲਕੇ ਦੇ ਆਪ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਬੇਹੱਦ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਪ੍ਰਸ਼ਾਸ਼ਨ ਵੱਲੋਂ ਉਸਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਐੱਸ ਸੀ ਭਾਈਚਾਰੇ ਨਾਲ ਪੰਜਾਬ ਸਰਕਾਰ ਵੱਲੋਂ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ ਜੋ ਹੁਣ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਕਤ ਆਗੂ ਨੇ ਸਪੱਸ਼ਟ ਕੀਤਾ ਕਿ ਅੱਜ ਮਜ਼ਦੂਰ ਦਿਵਸ ਮੌਕੇ ਅਸੀਂ ਫੈਸਲਾ ਕੀਤਾ ਹੈ ਕਿ ਆਉਣ ਵਾਲੀ 5 ਤਰੀਕ ਨੂੰ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਦੇ ਕੇ ਦਲਿਤ ਭਾਈਚਾਰੇ ਨਾਲ ਹੋ ਰਹੀ ਧੱਕੇ ਸ਼ਾਹੀ ਰੋਕਣ ਲਈ ਮੰਗ ਕੀਤੀ ਜਾਵੇਗੀ ਅਤੇ ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਅਗਲਾ ਸੰਘਰਸ਼ ਵਿਢਿਆ ਜਾਵੇਗਾ।
Author: DISHA DARPAN
Journalism is all about headlines and deadlines.