ਬਠਿੰਡਾ, 21 ਅਪ੍ਰੈਲ ( ਗੁਰਪ੍ਰੀਤ ਚਹਿਲ) – ਕਰੀਬ ਡੇਢ ਸਾਲ ਪਹਿਲਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚਲੀ ਬਲੱਡ ਬੈਂਕ ਵੱਲੋਂ ਇੱਕ ਲੋੜਵੰਦ ਨੂੰ ਦਿੱਤੇ ਐਚ ਆਈ ਵੀ ਪਾਜ਼ਿਟਿਵ ਖੂਨ ਮਾਮਲੇ ਦੀ ਵਿਜੀਲੈਂਸ ਜਾਂਚ ਤੋਂ ਬਾਅਦ ਦੋਸ਼ੀ ਪਾਏ ਗਏ ਦੋ ਦੋਸ਼ੀਆਂ ਤੇ ਅੱਜ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਚੌਂਕੀ ਇੰਚਾਰਜ ਏ ਐੱਸ ਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਮਿਤੀ 16/10/2020 ਨੂੰ ਕਿਸੇ ਵਿਅਕਤੀ ਵੱਲੋਂ ਖੂਨ ਦਾਨ ਕੀਤਾ ਗਿਆ ਸੀ। ਜਿਸਨੂੰ ਉਸ ਮੌਕੇ ਇੱਥੇ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਗੋਦਾਰਾ ਵੱਲੋਂ ਰਸੀਵ ਕੀਤਾ ਗਿਆ ਸੀ। ਉਕਤ ਮੁਲਾਜ਼ਮਾਂ ਵੱਲੋਂ ਇਸ ਖੂਨ ਨੂੰ ਬਿਨਾ ਜਾਂਚ ਕੀਤੇ ਆਪਣੇ ਕਲੈਕਸ਼ਨ ਸੈਂਟਰ ਵਿੱਚ ਜਮ੍ਹਾ ਕਰ ਲਿਆ ਗਿਆ। ਕੁੱਝ ਸਮੇਂ ਬਾਅਦ ਇਹ ਖੂਨ ਕਿਸੇ ਲੋੜਵੰਦ ਨੂੰ ਚੜਾਇਆ ਗਿਆ ਤਾਂ ਉਹ ਵੀ ਐੱਚ ਆਈ ਵੀ ਪਾਜ਼ਿਟਿਵ ਹੋ ਗਿਆ। ਇਸ ਪੂਰੇ ਮਾਮਲੇ ਦੀ ਜਾਂਚ ਵਿਜਲੈਂਸ ਵੱਲੋਂ ਕੀਤੀ ਜਾ ਰਹੀ ਸੀ।ਜਾਂਚ ਮੁਕੰਮਲ ਹੋਣ ਤੇ ਅੱਜ ਵਿਜੀਲੈਂਸ ਵੱਲੋਂ ਦੋ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ਼ ਕਰਨ ਸਬੰਧੀ ਹੁਕਮ ਆਉਣ ਤੇ ਅੱਜ ਥਾਣਾ ਕੋਤਵਾਲੀ ਵਿਖੇ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ।ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।ਇਸ ਮਾਮਲੇ ਸਬੰਧੀ ਜਦੋਂ ਐੱਸ ਐਮ ਓ ਡਾ.ਮਨਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਉਕਤ ਕਰਮਚਾਰੀਆਂ ਖ਼ਿਲਾਫ਼ ਪੁਲਿਸ ਕੇਸ ਅੱਜ ਦਰਜ ਹੋਇਆ ਹੈ ਪਰ ਸਿਹਤ ਵਿਭਾਗ ਵੱਲੋਂ ਉਕਤ ਮੁਲਾਜ਼ਮਾਂ ਦੀਆਂ ਸੇਵਾਵਾਂ ਕਾਫੀ ਸਮਾਂ ਪਹਿਲਾਂ ਹੀ ਸਮਾਪਤ ਕੀਤੀਆਂ ਜਾ ਚੁੱਕੀਆਂ ਹਨ।
Author: DISHA DARPAN
Journalism is all about headlines and deadlines.