ਬਠਿੰਡਾ, 22 ਅਪ੍ਰੈਲ (ਗੁਰਪ੍ਰੀਤ ਚਹਿਲ)
ਬਠਿੰਡਾ ਦੀ ਮੰਨੀ ਪ੍ਰਮੰਨੀ ਇੰਡਸਟਰੀ ਬਠਿੰਡਾ ਕੈਮੀਕਲ ਫੈਕਟਰੀ ਦੀ ਇੱਕ ਟਰਾਲੀ ਵਿਚੋਂ ਇੱਥੇ ਨੇੜਲੀ ਬਸਤੀ ਦਾ ਇੱਕ ਚੋਰ ਕਣਕ ਦੀ ਬੋਰੀ ਚੋਰੀ ਕਰਦਾ ਕੁੱਝ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਠਿੰਡਾ ਕੈਮੀਕਲ ਫੈਕਟਰੀ ਦਾ ਇੱਕ ਟਰੈਕਟਰ ਟਰਾਲੀ ਕਣਕ ਦੀਆਂ ਭਰੀਆਂ ਬੋਰੀਆਂ ਲੈਕੇ ਆ ਰਿਹਾ ਸੀ ਤਾਂ ਨੇੜਲੀ ਬਸਤੀ ਬਲਰਾਜ ਨਗਰ ਦਾ ਰਹਿਣ ਵਾਲਾ ਮਣੀ ਨਾਮਕ ਲੜਕਾ ਟਰਾਲੀ ਵਿੱਚ ਚੜ ਗਿਆ ਅਤੇ ਉਸ ਵਿਚੋਂ ਇੱਕ ਕਣਕ ਦੀ ਭਰੀ ਬੋਰੀ ਸੜਕ ਤੇ ਸੁੱਟ ਦਿੱਤੀ। ਪ੍ਰੰਤੂ ਪਿੱਛੇ ਆ ਰਹੇ ਕੁੱਝ ਫੈਕਟਰੀ ਮੁਲਾਜ਼ਮਾਂ ਵੱਲੋਂ ਉਕਤ ਨੂੰ ਮੌਕੇ ਤੇ ਕਾਬੂ ਕਰ ਲਿਆ। ਇਸ ਬਾਰੇ ਜਦੋਂ ਉਕਤ ਮੁਲਜ਼ਮ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਕੁੱਝ ਸਮਾਂ ਪਹਿਲਾਂ ਯੂਨੀਅਨ ਦੇ ਟਰੈਕਟਰ ਤੇ ਡਰਾਇਵਰੀ ਕਰਦਾ ਸੀ ਅਤੇ ਕਈ ਵਾਰ ਇਸ ਫੈਕਟਰੀ ਚੋਂ ਮਾਲ ਦੀ ਢੋਆ ਢੋਆਈ ਵੀ ਕਰਦਾ ਰਿਹਾ ਹੈ ਪਰ ਹੁਣ ਵਿਹਲਾ ਹੈ। ਉਸਨੇ ਇਹ ਵੀ ਦੱਸਿਆ ਕਿ ਉਸਦੀ ਹੀ ਬਸਤੀ ਦੇ ਗਣਪਤੀ ਅਤੇ ਸ਼ੰਕਰ ਨਾਮ ਦੇ ਦੋ ਹੋਰ ਸਾਥੀ ਵੀ ਇਸ ਵਾਰਦਾਤ ਵੇਲੇ ਉਸਦੇ ਨਾਲ ਸਨ ਜੋ ਮੌਕੇ ਤੋਂ ਭੱਜ ਗਏ ਹਨ। ਖ਼ਬਰ ਲਿਖੇ ਜਾਣ ਤੱਕ ਉਕਤ ਚੋਰ ਫੈਕਟਰੀ ਦੀ ਸਿਕਿਓਰਟੀ ਦੇ ਜਵਾਨ ਸੁਖਪਾਲ ਅਤੇ ਸੁਖਚੈਨ ਦੇ ਹਵਾਲੇ ਸਨ। ਜਿੰਨਾ ਕਿਹਾ ਕਿ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਜਿਸ ਤਰਾਂ ਉਨ੍ਹਾਂ ਦੀਆਂ ਹਦਾਇਤਾਂ ਹੋਣਗੀਆਂ ਉਸੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ
Author: DISHA DARPAN
Journalism is all about headlines and deadlines.