ਬਠਿੰਡਾ ,13 ਅਪ੍ਰੈਲ ( ਸਨੀ ਚਹਿਲ )
ਬਿਜਲੀ ਮਹਿਕਮੇ ਦੀ ਨਾਕਾਮੀ ਦਾ ਇੱਕ ਵਾਰ ਫਿਰ ਵੱਡਾ ਖਮਿਆਜ਼ਾ ਇੱਕ ਕਿਸਾਨ ਅਤੇ ਇੱਕ ਮਜ਼ਦੂਰ ਨੂੰ ਭੁਗਤਣਾ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਹਿਮਣ ਦੀਵਾਨਾ ਦੇ ਖੇਤਾਂ ਵਿੱਚ ਇੱਕ ਕਿਸਾਨ ਵੱਲੋਂ ਠੇਕੇ ਤੇ ਵਾਹਣ ਲੈਕੇ ਕਣਕ ਬੀਜੀ ਗਈ ਸੀ।ਜਿਸ ਦੀ ਕਟਾਈ ਲਈ ਉਸਨੇ ਕੰਬਾਈਨ ਲਗਾਈ ਹੋਈ ਸੀ। ਪਰ ਖੇਤ ਉੱਪਰੋਂ ਲੰਘ ਰਹੀਆਂ ਬੇਹੱਦ ਨੀਵੀਆਂ ਤਾਰਾਂ ਵਿੱਚ ਸਪਾਰਕ ਹੋ ਜਾਣ ਕਾਰਨ ਪੱਕੀ ਕਣਕ ਨੂੰ ਅੱਗ ਪੈ ਗਈ ਜਿਸਨੇ ਕੰਬਾਈਨ ਨੂੰ ਵੀ ਆਪਣੇ ਲਪੇਟੇ ਵਿੱਚ ਲੈ ਲਿਆ। ਪ੍ਰਤੱਖ ਦਰਸ਼ੀਆਂ ਅਨੁਸਾਰ ਅੱਗ ਏਨੀ ਭਿਆਨਕ ਸੀ ਕਿ ਕੰਬਾਈਨ ਦੇ ਡਰਾਈਵਰ ਨੂੰ ਵੀ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਨੇੜੇ ਦੇ ਲੋਕਾਂ ਨੇ ਉਸਨੂੰ ਤੁਰੰਤ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਰਾਮ ਸਿੰਘ ਬਹਿਮਣ ਦੀਵਾਨਾ ਨੇ ਕਿਹਾ ਕਿ ਇਹ ਘਟਨਾ ਬਿਜਲੀ ਮਹਿਕਮੇ ਦੀ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਠੇਕੇ ਉੱਤੇ ਲਈ ਗਈ ਕਰੀਬ ਪੰਦਰਾਂ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ ਅਤੇ ਇੱਕ ਮਜ਼ਦੂਰ ਡਰਾਈਵਰ ਦਾ ਵੀ ਨੁਕਸਾਨ ਹੋਇਆ ਹੈ।ਪਿੰਡ ਵਾਸੀਆਂ ਨੇ ਸਰਕਾਰ ਤੋਂ ਇਹਨਾ ਪਰਿਵਾਰਾਂ ਦੀ ਮੱਦਦ ਦੀ ਗੁਹਾਰ ਲਗਾਈ ਹੈ।
Author: DISHA DARPAN
Journalism is all about headlines and deadlines.