ਤਲਵੰਡੀ ਸਾਬੋ 11 ਅਪ੍ਰੈਲ (ਰੇਸ਼ਮ ਸਿੱਧੂ) ਖਾਲਸਾ ਪੰਥ ਦਾ ਜਨਮ ਦਿਹਾੜਾ ਵਿਸਾਖੀ ਮੇਲਾ ਮਨਾਉਣ ਲਈ ਜਿਥੇ ਜਿਲਾ ਪ੍ਰਸਾਸ਼ਨ ਵੱਲੋ ਪ੍ਰਬੰਧ ਕੀਤੇ ਜਾ ਰਹੇ ਹਨ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਨਿਹੰਗ ਸਿੰਘ ਦਲਾਂ,ਦਮਦਮੀ ਟਕਸਾਲ,ਸੰਤ ਸਮਾਜ,ਬੁੰਗਾ ਮਸਤੂਆਣਾ,ਕਾਰ ਸੇਵਾ ਲੰਗਰ ਸਿੱਖ ਸੰਗਤਾਂ ਵੱਲੋਂ ਇਸ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਗਈਆ ਹਨ।ਮਾਲਵੇ ਦੇ ਇਤਿਹਾਸਕ ਗੁਰੂ ਦੀ ਕਾਂਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ।ਜਿਸ ਲਈ ਇਸ ਵਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਨਗਰ ਪੰਚਾਇਤ ਕੌਂਸਲ ਵੱਲੋਂ ਸ਼ਹਿਰ ਦੀ ਸਾਫ-ਸਫਾਈ ਤੇ ਰੰਗ ਰੋਗਨ ਕਰਵਾਇਆ ਜਾ ਰਿਹਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਪੱਧਰ ਤੇ ਪਹੁੰਚ ਰਹੀਆ ਸਿੱਖ ਸੰਗਤਾਂ ਦੇ ਠਹਿਰਨ ਲਈ ਰਿਹਾਇਸ਼ ਗੁਰੂ ਕੇ ਲੰਗਰ ਮੈਡੀਕਲ ਸਹੂਲਤਾਂ ਇਸ਼ਨਾਨ ਆਦਿ ਦੀਆਂ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਮੁਕੰਮਲ ਕਰ ਲਿਆ ਗਿਆ ਹੈ।ਇਸ ਦੇ ਨਾਲ ਹੀ ਸੰਤ ਸੇਵਕ ਬੁੰਗਾ ਮਸਤੂਆਣਾ ਦੇ ਮੁੱਖ ਪ੍ਰਬੰਧਕ ਬਾਬਾ ਕਾਕਾ ਸਿੰਘ ਜੀ ਆਪਣੀ ਦੇਖ ਰੇਖ ਵਿੱਚ ਬੁੰਗਾ ਮਸਤੂਆਣਾ ਵਿਖੇ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਆਪਣੀ ਨਿਗਰਾਨੀ ਵਿਚ ਕਰਵਾ ਰਹੇ ਹਨ।ਬੁੱਢਾ ਦਲ ਦੇ ਹੈੱਡ-ਕੁਆਰਟਰ ਗੁਰਦੁਆਰਾ ਬੇਰ ਸਾਹਿਬ ਦੇਗਸਰ ਵਿਖੇ ਨਿਹੰਗ ਸਿੰਘਾਂ ਦੇ ਦਲ ਪਹੁੰਚ ਚੁੱਕੇ ਹਨ।ਸਿੰਘ ਸਾਹਿਬਾਨ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਦੀ ਰਹਿਨੁਮਾਈ ਹੇਠ ਨਿਹੰਗ ਸਿੰਘਾਂ ਵੱਲੋਂ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਉਂਦਿਆਂ ਹੋਇਆਂ ਸ੍ਰੀ ਅਖੰਡ ਪਾਠ ਸਾਹਿਬ,ਗੱਤਕਾ ਮੁਕਾਬਲੇ ਤੇ ਨਿਹੰਗ ਸਿੰਘਾਂ ਦੇ ਜੰਗਜੂ ਕਰਤੱਵ ਮਾਰਸ਼ਲ ਖੇਡਾਂ ਘੋੜ ਦੌੜ ਕਰਵਾਉਂਦਿਆਂ ਹੋਇਆ ਵਿਸਾਖੀ ਦੇ ਜੋੜ ਮੇਲੇ ਮਨਾਏ ਜਾਣਗੇ। ਸਮੁੱਚੇ ਮੇਲੇ ਦੀ ਦੇਖ ਰੇਖ ਜ਼ਿਲ੍ਹਾ ਡਿਪਟੀ ਕਮਿਸ਼ਨਰ ਬਠਿੰਡਾ ਤੇ ਉਪ ਮੰਡਲ ਮਜਿਸਟਰੇਟ ਤਲਵੰਡੀ ਸਾਬੋ ਕਰ ਰਹੇ ਹਨ।ਇਸ ਵਾਰ ਵਿਸਾਖੀ ਜੋੜ ਮੇਲੇ ਤੇ ਤਲਵੰਡੀ ਸਾਬੋ ਵੇਖੋ ਸੰਗਤਾਂ ਦੇ ਵੱਡੇ ਇਕੱਠ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Author: DISHA DARPAN
Journalism is all about headlines and deadlines.