ਬਠਿੰਡਾ,7 ਅਪ੍ਰੈਲ (ਰਾਵਤ ) : ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ-ਸਕੂਲ) ਨੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਐਮ.ਬੀ.ਏ. ਪਹਿਲਾ ਅਤੇ ਦੂਜਾ ਸਾਲ (ਬੈਚ 2020-22 ਅਤੇ 2021-23) ਦੇ ਵਿਦਿਆਰਥੀਆਂ ਲਈ ਇੰਟਰਪ੍ਰੀਨਿਓਰੀਅਲ ਹੰਟ-2022 ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਥੀਮ ਆਪਣਾ, ਪ੍ਰਮੋਟ ਕਰੋ, ਕਮਾਓ ਅਤੇ ਆਪਣੇ ਖ਼ੁਦ ਦੇ ਉਦਯੋਗ ਨੂੰ ਚਲਾਓ ਸੀ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇੱਕ ਮੌਕਾ ਪ੍ਰਦਾਨ ਕਰਨਾ ਸੀ ਤਾਂ ਜੋ ਵਿਦਿਆਰਥੀ ਆਪਣੇ ਮਾਰਕੀਟਿੰਗ ਅਤੇ ਪ੍ਰਬੰਧਕੀ ਹੁਨਰ ਨੂੰ ਵਧਾ ਸਕਣ ਅਤੇ ਭਵਿੱਖ ਵਿੱਚ ਇੱਕ ਸਫਲ ਉਦਯੋਗਪਤੀ ਬਣ ਸਕਣ।
ਇਸ ਪ੍ਰੋਗਰਾਮ ਦਾ ਉਦਘਾਟਨ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਕਾਲਜ ਦੇ ਵਾਈਸ-ਪ੍ਰਿੰਸੀਪਲ ਡਾ. ਸਚਿਨ ਦੇਵ, ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਸ਼੍ਰੀਮਤੀ ਭਾਵਨਾ ਖੰਨਾ ਅਤੇ ਵੱਖ-ਵੱਖ ਵਿਭਾਗਾਂ ਦੇ ਪ੍ਰਿੰਸੀਪਲਾਂ, ਡੀਨ ਅਤੇ ਵਿਭਾਗ ਮੁਖੀਆਂ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਕੁਲ 12 ਟੀਮਾਂ ਸਨ ਅਤੇ ਹਰੇਕ ਵਿਦਿਆਰਥੀ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਗਤੀਵਿਧੀ ਵਿੱਚ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਖਾਣ ਵਾਲੀਆਂ ਵਸਤਾਂ, ਕੱਪੜੇ, ਸੁੰਦਰਤਾ ਉਤਪਾਦ, ਮਠਿਆਈ ਅਤੇ ਹੋਰ ਵੀ ਬਹੁਤ ਸਾਰੇ ਉਤਪਾਦ ਸਟਾਲਾਂ ਰਾਹੀਂ ਵੇਚੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਫ਼ੋਟੋ ਸ਼ੂਟ ਵੀ ਕੀਤਾ ਅਤੇ ਵੱਖ-ਵੱਖ ਖੇਡਾਂ ਵੀ ਕਰਵਾਈਆਂ।
ਵਿਦਿਆਰਥੀਆਂ ਨੇ ਇਸ ਮੌਕੇ ਦੀ ਬਹੁਤ ਹੀ ਸਮਝਦਾਰੀ ਨਾਲ ਵਰਤੋਂ ਕੀਤੀ ਅਤੇ ਉਨ੍ਹਾਂ ਨੇ ਮਿਥੀ ਹੋਈ 5 ਘੰਟੇ ਦੀ ਸਮਾਂ ਸੀਮਾ ਵਿੱਚ ਹੀ ਸਾਰੇ ਦਿੱਤੇ ਹੋਏ ਕਾਰਜਾਂ ਨੂੰ ਪੂਰਾ ਕੀਤਾ। ਸੰਸਥਾ ਦੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ, ਡੀਨ, ਵਿਭਾਗ ਮੁਖੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਇਸ ਪ੍ਰੋਗਰਾਮ ਸੰਬੰਧੀ ਆਪਣੇ ਕੀਮਤੀ ਵਿਚਾਰ ਦਿੱਤੇ।ਅੰਤ ਵਿੱਚ, ਨਤੀਜੇ ਘੋਸ਼ਿਤ ਕੀਤੇ ਗਏ ਜਿਸ ਅਨੁਸਾਰ ਟੀਮ ਨੰਬਰ 1 (ਡਾਇਨਾਮਿਕਸ ਫ਼ੈਸ਼ਨ) ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ‘ਬੈਸਟ ਇੰਟਰਪ੍ਰੀਨਿਓਰ’ ਦਾ ਖ਼ਿਤਾਬ ਹਾਸਲ ਕੀਤਾ। ਇਸੇ ਤਰ੍ਹਾਂ ਟੀਮ ਨੰਬਰ 2 (ਫਨ ਐਂਡ ਫੂਡ) ਨੇ ‘ਮਾਰਕੀਟਿੰਗ ਸਟਾਰ ਆਫ਼ ਦ ਡੇਅ’ ਅਤੇ ਟੀਮ ਨੰਬਰ 11 (ਟਰੈਵਲ ਏਨਵੀ) ਨੇ ‘ਇਨੋਵੇਟਿਵ ਆਈਡਿਆ ਆਫ਼ ਦ ਡੇਅ’ ਦਾ ਖ਼ਿਤਾਬ ਹਾਸਲ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਸ਼੍ਰੀਮਤੀ ਭਾਵਨਾ ਖੰਨਾ ਨੇ ਇਸ ਮਹਾਨ ਗਤੀਵਿਧੀ ਲਈ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਕਾਲਜ ਦੇ ਪ੍ਰਿੰਸੀਪਲ ਡਾ. ਆਰ. ਕੇ ਉੱਪਲ, ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਨੇੇ ਇਸ ਸ਼ਾਨਦਾਰ ਉੱਦਮ ਲਈ ਬਿਜ਼ਨਸ ਸਟੱਡੀਜ਼ ਵਿਭਾਗ ਨੂੰ ਵਧਾਈ ਦਿੱਤੀ ਅਤੇ ਅਜਿਹੇ ਸਾਰਥਿਕ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ। ਕੁੱਲ ਮਿਲਾ ਕੇ ਇਹ ਇੱਕ ਬਹੁਤ ਹੀ ਦਿਲਚਸਪ ਗਤੀਵਿਧੀ ਸੀ ਜਿਸ ਦਾ ਸਾਰਿਆਂ ਨੇ ਅਨੰਦ ਮਾਣਿਆ।
Author: DISHA DARPAN
Journalism is all about headlines and deadlines.