ਬਠਿੰਡਾ,04ਅਪ੍ਰੈਲ (ਗੁਰਪ੍ਰੀਤ ਚਹਿਲ)
ਇੱਕ ਪ੍ਰਸਿੱਧ ਚੈਨਲ ਵੱਲੋਂ ਸਿੱਖ ਧਰਮ ਦੇ ਸਬੰਧ ਵਿੱਚ ਕੀਤੀਆਂ ਗਲਤ ਟਿੱਪਣੀਆਂ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸਦੇ ਵਿਰੋਧ ਵਜੋਂ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋ ਸੰਗਤਾਂ ਇਕੱਠੀਆਂ ਹੋ ਸਬੰਧਤ ਜ਼ਿਲੇ ਦੇ ਪੁਲਿਸ ਮੁਖੀ ਨੂੰ ਮੰਗ ਪੱਤਰ ਸੌਂਪਦੇ ਹੋਏ ਉਕਤ ਚੈਨਲ ਅਤੇ ਪੱਤਰਕਾਰਾਂ ਖਿਲਾਫ ਧਾਰਾ 295ਏ ਤਹਿਤ ਕਾਰਵਾਈ ਦੀ ਮੰਗ ਕਰ ਰਹੀਆਂ ਹਨ।ਇਸੇ ਤਹਿਤ ਅੱਜ ਬਠਿੰਡਾ ਦੇ ਇਤਿਹਾਸਿਕ ਗੁਰਦੁਆਰਾ ਹਾਜ਼ੀ ਰਤਨ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸਿੱਖ ਜਗਤ ਨਾਲ ਜੁੜੇ ਕੁੱਝ ਚੁਣਿੰਦਾ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਮੇਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪ੍ਰਾਈਮ ਏਸ਼ੀਆ ਚੈਨਲ ਉੱਤੇ ਇਸਦੇ ਮਾਲਕ ਅਮਨ ਖਟਕੜ ਅਤੇ ਜਤਿੰਦਰ ਪੰਨੂ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲੱਗਣ ਵਾਲੇ ਦਰਸ਼ਨੀ ਚੰਦੋਏਆਂ ਬਾਰੇ ਗ਼ਲਤ ਟਿੱਪਣੀ ਕੀਤੀ ਗਈ ਹੈ,ਇਸ ਚੈਨਲ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਉਥੋਂ ਦੇ ਪ੍ਰਬੰਧਕ ਇਹਨਾ ਚੰਦੋਏਆਂ ਨੂੰ ਦੋਬਾਰਾ ਘੱਟ ਰੇਟ ਉੱਤੇ ਬਾਹਰ ਵੇਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਟਿੱਪਣੀ ਕਾਰਨ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਸੰਗਤਾਂ ਦੇ ਮਨਾਂ ਅੰਦਰ ਇਸ ਚੈਨਲ ਨੂੰ ਲੈਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਬਾਬਤ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਐੱਸ ਐੱਸ ਪੀ ਨੂੰ ਸੰਗਤਾਂ ਵੱਲੋਂ ਕਾਨੂੰਨੀ ਕਾਰਵਾਈ ਹਿੱਤ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸੇ ਤਹਿਤ ਅੱਜ ਅਸੀਂ ਵੀ ਬਠਿੰਡਾ ਦੇ ਐੱਸ ਐੱਸ ਪੀ ਮੈਡਮ ਅਮਨੀਤ ਕੌਂਡਲ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ। ਉਨ੍ਹਾਂ ਸਰਕਾਰ ਤੋਂ ਅਜਿਹੇ ਚੈਨਲਾਂ ਨੂੰ ਬੰਦ ਕਰਨ ਦੀ ਬੇਨਤੀ ਵੀ ਕੀਤੀ।
Author: DISHA DARPAN
Journalism is all about headlines and deadlines.