ਬਠਿੰਡਾ,02ਅਪ੍ਰੈਲ( ਗੁਰਪ੍ਰੀਤ ਚਹਿਲ)
ਪੰਜਾਬ ਦੇ ਪਿੰਡਾਂ ਦੀ ਗਲੀ ਗਲੀ ਵਿਕ ਰਿਹਾ ਚਿੱਟਾ ਪੰਜਾਬ ਦੀ ਜਵਾਨੀ ਦਾ ਘਾਣ ਕਰਦਾ ਜਾ ਰਿਹਾ ਹੈ। ਕਈ ਸਾਲਾਂ ਤੋਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਵਾਰ ਵਾਰ ਗੁਹਾਰ ਲਗਾਉਣ ਦੇ ਬਾਵਜੂਦ ਵੀ ਸੁਣਵਾਈ ਨਾ ਹੁੰਦੀ ਦੇਖ ਆਖਿਰ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਖੁਦ ਇਸ ਮਸਲੇ ਨਾਲ ਨਜਿੱਠਣ ਦਾ ਮਨ ਬਣਾ ਭਾਵੇਂ ਨਸ਼ਾ ਖਿਲਾਫਤ ਕਮੇਟੀਆਂ ਦਾ ਗਠਨ ਕਰ ਲਿਆ ਹੈ। ਪਰ ਇਸ ਨਾਲ ਉਹਨਾ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਜਾ ਰਹੀਆਂ ਹਨ। ਨਸ਼ਾ ਵਪਾਰੀਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਬੇਖੌਫ ਹੋ ਇਹਨਾ ਕਮੇਟੀਆਂ ਦੇ ਮੈਂਬਰਾਂ ਨੂੰ ਘੇਰ ਸੱਟਾਂ ਮਾਰਨ ਤੇ ਉਤਰ ਆਏ ਹਨ।ਦੱਸ ਦੇਈਏ ਕਿ ਬਠਿੰਡਾ ਦੇ ਬਲਾਕ ਸੰਗਤ ਅਧੀਨ ਪੈਂਦੇ ਪਿੰਡ ਝੂੰਬਾ ਵਿਖੇ ਪੰਚਾਇਤੀ ਅਤੇ ਕਿਸਾਨ ਆਗੂਆਂ ਨੇ ਇੱਕ ਐਂਟੀ ਚਿੱਟਾ ਫਰੰਟ ਪੰਜਾਬ ਨਾਮਕ ਕਮੇਟੀ ਬਣਾਈ ਹੈ ਜੋ ਪਿੰਡ ਵਿੱਚ ਚਿੱਟਾ ਵੇਚਣ ਅਤੇ ਇਸਦਾ ਸੇਵਨ ਕਰਨ ਵਾਲਿਆਂ ਉੱਤੇ ਬਾਜ਼ ਅੱਖ ਰੱਖ ਰਹੀ ਹੈ। ਇਸ ਕਮੇਟੀ ਵੱਲੋਂ ਪਿਛਲੇ ਦਿਨੀਂ ਕਈ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਪਰ ਬੀਤੇ ਦਿਨੀਂ ਇਸ ਕਮੇਟੀ ਦੇ ਮੈਂਬਰਾਂ ਉੱਤੇ ਕੁੱਝ ਲੋਕਾਂ ਵੱਲੋਂ ਹਮਲਾ ਕਰਕੇ ਇਹਨਾ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਬਾਰੇ ਗੱਲ ਕਰਦਿਆਂ ਕਿਸਾਨ ਆਗੂ ਜਗਸੀਰ ਸਿੰਘ ਝੂੰਬਾ ਨੇ ਦੱਸਿਆ ਕਿ ਅਸੀਂ ਸਾਡੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਇਸ ਕਿੱਤੇ ਤੋਂ ਰੋਕਣ ਲਈ ਕਈ ਵਾਰ ਬੇਨਤੀ ਕੀਤੀ ਅਤੇ ਚਿਤਾਵਨੀ ਵੀ ਦਿੱਤੀ ਸੀ। ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਅਸੀਂ ਆਪਣੇ ਤੌਰ ਤੇ ਠੀਕਰੀ ਪਹਿਰੇ ਲਗਾ ਕੁੱਝ ਲੋਕਾਂ ਨੂੰ ਪੁਲਿਸ ਹਵਾਲੇ ਵੀ ਕੀਤਾ। ਪਰ ਇਹ ਲੋਕ ਕੁੱਝ ਹੀ ਦਿਨਾਂ ਵਿੱਚ ਬਾਹਰ ਆ ਗਏ ਅਤੇ ਹੁਣ ਉਹ ਰੰਜਿਸ਼ ਤਹਿਤ ਸਾਡੇ ਕਮੇਟੀ ਮੈਂਬਰਾਂ ਉੱਤੇ ਹਮਲੇ ਕਰਨ ਤੇ ਉੱਤਰ ਆਏ ਹਨ। ਉਨ੍ਹਾਂ ਬਠਿੰਡਾ ਦੇ ਐੱਸ ਐੱਸ ਪੀ ਅਤੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹਨਾ ਗ਼ਲਤ ਅਨਸਰਾਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈਕੇ ਅਗਲੀ ਕੋਈ ਕਠੋਰ ਰਣਨੀਤੀ ਅਪਨਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
Author: DISHA DARPAN
Journalism is all about headlines and deadlines.