ਬਠਿੰਡਾ,23ਮਾਰਚ (ਗੁਰਪ੍ਰੀਤ ਚਹਿਲ)
ਅੱਜ ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਉੱਤੇ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰ ਜਗਰੂਪ ਸਿੰਘ ਗਿੱਲ ਨੇ ਖੇਡ ਸਟੇਡੀਅਮ ਨਜਦੀਕ ਬਣੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਪਹੁੰਚ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਇਸ ਪਾਰਕ ਦੀ ਦੇਖ ਰੇਖ ਲਈ ਬਣਾਈ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।ਇਸ ਮੌਕੇ ਬੋਲਦਿਆਂ ਸ੍ਰੀ ਗਿੱਲ ਨੇ ਕਿਹਾ ਕਿ ਸ੍ਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਭਾਰਤ ਵਾਸੀਆਂ ਦੀ ਆਜ਼ਾਦੀ ਲਈ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਅੰਗਰੇਜ਼ੀ ਹਕੂਮਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ। ਸਾਡੇ ਸ਼ਹੀਦਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹਸਦੇ ਹਸਦੇ ਫਾਂਸੀ ਦੇ ਰੱਸੇ ਚੁੰਮ ਲਏ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਸ੍ਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ ਅਤੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜ਼ ਸਕੀਏ। ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਦੇ ਇਸ ਸ਼ਹੀਦੀ ਦਿਹਾੜੇ ਉੱਤੇ ਪੰਜਾਬ ਅੰਦਰ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਬੱਚਾ ਬੱਚਾ ਹੁਸੈਨੀਵਾਲਾ ਜਾਂ ਖਟਕੜ ਕਲਾਂ ਜਾਕੇ ਸ਼ਹੀਦਾ ਦੀ ਸਰਜਮੀਂ ਨੂੰ ਨਤਮਸਤਕ ਹੋ ਸਕੇ। ਅਖੀਰ ਵਿੱਚ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਆਓ ਆਪਾਂ ਸਾਰੇ ਬਿਨਾ ਕਿਸੇ ਭੇਦਭਾਵ ਅਤੇ ਲੜਾਈ ਝਗੜੇ ਤੋਂ ਇੱਕ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰੀਏ। ਇਸ ਮੌਕੇ ਸਮੂਹ ਹਾਜ਼ਰੀਨ ਨੇ ਸ਼ਹੀਦਾਂ ਦੀ ਸੋਚ ਉੱਤੇ ਚੱਲਣ ਦਾ ਸੰਕਲਪ ਵੀ ਲਿਆ।
Author: DISHA DARPAN
Journalism is all about headlines and deadlines.