ਬਠਿੰਡਾ, 21 ਮਾਰਚ ( ਗੁਰਪ੍ਰੀਤ ਚਹਿਲ ) ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਜ਼ਿਲ੍ਹਾ ਮੈਨੇਜਰ ਸ਼੍ਰੀ ਕਿਰਨ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਸਕਿੱਲ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਮ ਨਗਰ ਤੇ ਪੱਕਾ ਕਲਾਂ ਵਿਖੇ ਰੂਰਲ ਸਕਿੱਲ ਸੈਂਟਰਾਂ ਕੰਪਿਊਟਰ ਚ ਹਾਰਡਵੇਅਰ ਦੇ ਕੋਰਸ ਲਈ ਦਾਖਲਾ ਸ਼ੁਰੂ ਹੋ ਚੁੱਕਾ ਹੈ। ਜ਼ਿਲ੍ਹਾ ਮੈਨੇਜਰ ਸ਼੍ਰੀ ਕਿਰਨ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਇਨ੍ਹਾਂ ਸੈਂਟਰਾਂ ਦੇ ਜਰੀਏ ਕੋਰਸ ਕਰਕੇ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ। ਸਰਕਾਰ ਵੱਲੋਂ ਇਹ ਕੋਰਸ 3 ਮਹੀਨੇ ਦਾ ਕਰਵਾਇਆ ਜਾਵੇਗਾ। ਕੋਰਸ ਪਾਸ ਕਰਨ ਉਪਰੰਤ ਰੁਜਗਾਰ ਅਤੇ ਸਵੈ-ਰੁਜਗਾਰ ਲਈ ਸਿਖਲਾਈ ਵੀ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਕੰਪਿਊਟਰ ਹਾਰਡਵੇਅਰ ਦਾ ਕੋਰਸ ਕਰਨ ਲਈ ਬਾਰਵੀਂ ਪਾਸ ਪੜ੍ਹਾਈ ਛੱਡ ਚੁੱਕੇ 18 ਤੋਂ 35 ਸਾਲ ਦੇ ਨੌਜਵਾਨ ਲੜਕੇ ਤੇ ਲੜਕੀਆਂ ਇਸ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ। ਇਹ ਸਿਖਲਾਈ ਬਿਲਕੁਲ ਮੁਫਤ ਹੋਵੇਗੀ। ਸਿਖਿਆਰਥੀਆਂ ਨੂੰ ਵਰਦੀ ਤੇ ਕਿਤਾਬਾਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਆਉਣ-ਜਾਣ ਦਾ ਖਰਚਾ ਵੀ 125/- ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਟਰੇਨਿੰਗ ਲੈਣ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਹਾਜ਼ਰੀ ਮੁਤਾਬਿਕ ਦਿੱਤਾ ਜਾਵੇਗਾ। ਜ਼ਿਲ੍ਹਾ ਮੈਨੇਜ਼ਰ ਨੇ ਦੱਸਿਆ ਕਿ ਕੰਪਿਊਟਰ ਹਾਰਡਵੇਅਰ ਦੀ ਟਰੇਨਿੰਗ ਦੇ ਨਾਲ ਕੰਪਿਊਟਰ ਆਈ.ਟੀ, ਇੰਟਰਵਿਊ ਦੀ ਤਿਆਰੀ, ਪ੍ਰਸਨੈਲਿਟੀ ਡਿਵੈਲਪਮੈਂਟ ਦਾ ਕੋਰਸ ਵੀ ਕਰਵਾਇਆ ਜਾਵੇਗਾ। ਪੜ੍ਹਾਈ ਛੱਡ ਚੁੱਕੇ ਵਿਦਿਆਰਥੀਆਂ ਨੂੰ ਸਰਕਾਰ ਵੱਲੋ ਚਲਾਏ ਜਾ ਰਹੇ ਇਹ ਮੁਫ਼ਤ ਕੋਰਸਾ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਤਾਂ ਜੋ ਬੇਰੁਜਗਾਰੀ ਨੂੰ ਠੱਲ੍ਹ ਪਾਈ ਜਾ ਸਕੇ।
Author: DISHA DARPAN
Journalism is all about headlines and deadlines.