ਸ੍ਰੀ ਮੁਕਤਸਰ ਸਾਹਿਬ,13ਮਾਰਚ ( ਗੁਰਪ੍ਰੀਤ ਚਹਿਲ ) ਸ੍ਰੀ ਮੁਕਤਸਰ ਸਾਹਿਬ ਤੋਂ ਜਲਾਲਾਬਾਦ ਰੋੜ ਤੇ ਸਥਿਤ ਪਿੰਡ ਫੱਤਣਵਾਲਾ ਦੇ ਅਕਾਲੀ ਅਤੇ ਕਾਂਗਰਸੀ ਆਗੂਆਂ ਸਮੇਤ ਪਿੰਡ ਦੇ ਖੇਤਾਂ ਵਿਚੋਂ ਅਣਪਛਾਤੇ ਚੋਰ ਇੱਕੋ ਰਾਤ 13 ਮੋਟਰਾਂ ਨੂੰ ਚੋਰੀ ਕਰਕੇ ਲੈ ਗਏ ਹਨ। ਥਾਣਾ ਸਦਰ ਦੀ ਪੁਲੀਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਪਿੰਡ ਦੇ ਕਾਂਗਰਸੀ ਆਗੂ ਤਜਿੰਦਰ ਸਿੰਘ ਬਰਾੜ ਦੀਆਂ ਤਿੰਨ ਮੋਟਰਾਂ, ਸੀਨੀਅਰ ਅਕਾਲੀ ਆਗੂ ਹਰਜਿੰਦਰ ਸਿੰਘ ਔਲਖ ਦੀਆਂ ਤਿੰਨ ਮੋਟਰਾਂ,ਅਮਰਿੰਦਰ ਸਿੰਘ ਬੌਬੀ ਦੀਆਂ ਤਿੰਨ ਅਤੇ ਚਾਰ ਹੋਰ ਮੋਟਰਾਂ ਸਮੇਤ ਚੋਰਾਂ ਵੱਲੋਂ ਕੁੱਲ 13 ਮੋਟਰਾਂ ਚੋਰੀ ਕਰ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਦੇ ਬੁਲੰਦ ਹੌਂਸਲੇ ਦੇਖੋ ਕਿ ਇੱਕੋ ਰਾਤ ਇਕੱਠੀਆਂ 13 ਮੋਟਰਾਂ ਬਿਨਾ ਕਿਸੇ ਡਰ ਭੈ ਚੋਰੀ ਕਰਕੇ ਲੈ ਗਏ ਹਨ ਉੱਤੋਂ ਕਣਕ ਦੀ ਫਸਲ ਨੂੰ ਪਾਣੀ ਦੀ ਸਖ਼ਤ ਲੋੜ ਹੈ।ਇੱਕ ਅੰਦਾਜ਼ੇ ਮੁਤਾਬਿਕ ਸਾਡਾ ਕਰੀਬ ਛੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹਨਾ ਕਿਹਾ ਕਿ ਇਸਤੋਂ ਪਹਿਲਾਂ ਵੀ ਖੇਤਾਂ ਚੋ ਟ੍ਰਾਂਸਫਾਰਮਰ ਬਗੈਰਾ ਕਈ ਵਾਰ ਚੋਰੀ ਹੋ ਚੁੱਕੇ ਹਨ ਪਰ ਪੁਲਿਸ ਸਿਰਫ ਮਾਮਲਾ ਦਰਜ਼ ਕਰਕੇ ਸਾਰ ਦਿੰਦੀ ਹੈ। ਇਸ ਬਾਰੇ ਜਦੋਂ ਜਾਂਚ ਅਧਿਕਾਰੀ ਮਨਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
Author: DISHA DARPAN
Journalism is all about headlines and deadlines.