ਬਠਿੰਡਾ, 11 ਮਾਰਚ : ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਬਠਿੰਡਾ ਅਤੇ ਨਾਟਿਅਮ ਥੀਏਟਰ ਗਰੁੱਪ ਵੱਲੋਂ ਸਾਂਝੇ ਉਪਰਾਲੇ ਤਹਿਤ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਨਾਟਕ “ਮਰਜਾਣੀਆਂ” ਦੇ ਦੋ ਸ਼ੋਅ ਫ਼ਤਿਹ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਰਾਮਪੁਰਾ ਤੇ ਟੀਚਰਜ਼ ਹੋਮ ਬਠਿੰਡਾ ਵਿਖੇ ਪੇਸ਼ ਕੀਤੇ ਗਏ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕਿਰਪਾਲ ਸਿੰਘ ਨੇ ਸਾਂਝੀ ਕੀਤੀ। ਇਸ ਮੌਕੇ ਡਾ. ਰਵੇਲ ਸਿੰਘ ਦੁਆਰਾ ਰਚਿਤ ਨਾਟਕ “ਮਰਜਾਣੀਆਂ” ਰਾਹੀਂ ਅਜੋਕੇ ਸਮੇਂ ਵਿੱਚ ਬਲਾਤਕਾਰ ਪੀੜਤ ਔਰਤਾਂ ਦੀ ਦਸ਼ਾ ਦੇ ਵਿਸ਼ੇ ਨੂੰ ਨਿਰਦੇਸ਼ਕ ਕੀਰਤੀ ਕਿਰਪਾਲ ਨੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ, ਜਿਸ ਨੇ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਨਾਟਕ ਵਿਚ ਦਰਸਾਇਆ ਗਿਆ ਕਿ ਸਾਡੇ ਦੇਸ਼ ਵਿਚ ਬਲਾਤਕਾਰ ਪੀੜਤ ਔਰਤਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਹਾਲਾਂਕਿ ਅਸੀਂ ਆਪਣੇ-ਆਪ ਨੂੰ ਸੱਭਿਅਕ ਕਹਾਉਂਦੇ ਹਾਂ। ਬੇਸ਼ੱਕ ਬਲਾਤਕਾਰੀਆਂ ਨੂੰ ਸਜਾਵਾਂ ਦੇਣ ਲਈ ਕਾਨੂੰਨ ਬਣਾਏ ਗਏ ਹਨ ਪਰ ਕਾਨੂੰਨਾਂ ਦੀ ਪਾਲਣਾ ਸਹੀ ਢੰਗ ਨਾਲ਼ ਨਾ ਹੋਣ ਕਾਰਨ ਹਾਲਾਤ ਹੋਰ ਬਦਤਰ ਹੁੰਦੇ ਜਾ ਰਹੇ ਹਨ ਤੇ ਔਰਤ ਦਾ ਜੀਣਾ ਮੁਹਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਟਕ ਵਿਚ ਆਤਮ-ਹੱਤਿਆ ਕਰ ਚੁੱਕੀਆਂ ਬਲਾਤਕਾਰ ਪੀੜਤ ਕੁੜੀਆਂ ਨੂੰ ਗੋਸਟ ਕਾਲਿੰਗ ਵਿਧੀ ਰਾਹੀਂ ਮੰਚ ‘ਤੇ ਪੇਸ਼ ਕਰ ਉਨ੍ਹਾਂ ਨਾਲ਼ ਹੋਏ ਜ਼ੁਲਮ ਦੀ ਵਿਥਿਆ ਨੂੰ ਕਮਾਲ ਦੇ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਵਿੱਚ ਮੁੱਖ ਭੂਮਿਕਾ ਨਾਮਵਰ ਸ਼ਾਇਰਾ ਤੇ ਸਹਾਇਕ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਕੈਂਪਸ ਘੁੱਦਾ ਡਾ. ਨੀਤੂ ਅਰੋੜਾ ਨੇ ਨਿਭਾਈ।ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਮੁੱਖ ਦਫ਼ਤਰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦਾ ਇਹੋ ਜਿਹੇ ਮਿਆਰੀ ਪ੍ਰੋਗਰਾਮ ਉਲੀਕਣ ਲਈ ਦਿੱਤੇ ਸਹਿਯੋਗ ਵਾਸਤੇ ਧੰਨਵਾਦ ਕੀਤਾ। ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਬਠਿੰਡਾ ਵੱਲੋਂ ਇਸ ਮੌਕੇ ਇੱਕ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ । ਮੰਚ ਦਾ ਸੰਚਾਲਨ ਖੋਜ ਅਫ਼ਸਰ ਬਠਿੰਡਾ ਸ਼੍ਰੀ ਨਵਪ੍ਰੀਤ ਸਿੰਘ ਨੇ ਕੀਤਾ।ਟੀਚਰਜ਼ ਹੋਮ ਬਠਿੰਡਾ ਵਿਖੇ ਖੇਡੇ ਗਏ ਇਸ ਨਾਟਕ ਵਿੱਚ ਸਤਿਕਾਰਤ ਮਹਿਮਾਨਾਂ ਵਜੋਂ ਡਾ. ਪੂਜਾ ਗੁਪਤਾ, ਹੈੱਡ ਮਾਈਕਰੋਬਾਈਓਲੌਜੀ ਮੈਕਸ ਹਸਮਤਾਲ ਬਠਿੰਡਾ, ਡਾ. ਅਰਪਨ ਪ੍ਰੀਤ, ਵੈਟਰਨਰੀ ਡਾਕਟਰ, ਡਾ਼ ਅਲਪਨਾ ਬਡਿਆਲ, ਕੰਸਲਟੈਂਟ ਪੈਡੀਅਟ੍ਰੀਸ਼ਨ ਐਂਡ ਮੈਡੀਕਲ ਐਡਮਿੰਸਟ੍ਰੇਟਰ, ਸ਼੍ਰੀ ਰਾਜਨ ਢੀਂਗਰਾ ਕਾਰਜਕਾਰੀ ਇੰਜੀਨੀਅਰ ਚੌਕਸੀ ਵਿਭਾਗ, ਸ. ਹਰਦੀਪ ਸਿੰਘ ਤੱਗੜ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ , ਸ਼੍ਰੀਮਤੀ ਰਣਜੀਤ ਕੌਰ ਐਮ. ਡੀ. ਗੁਰੂ ਕਾਸ਼ੀ ਪਬਲਿਕ ਸਕੂਲ ਬਠਿੰਡਾ ਤੇ ਨਾਟਿਅਮ ਥੀਏਟਰ ਗਰੁੱਪ ਦੇ ਪ੍ਰਧਾਨ ਸ਼੍ਰੀ ਸੁਦਰ਼ਨ ਗਰਗ ਐਮ. ਡੀ. ਪਿਜ਼ਾਨੋ ਰੈਸਟੋਰੈਂਟ ਨੇ ਸ਼ਿਰਕਤ ਕੀਤੀ । ਟੀਚਰਜ਼ ਹੋਮ ਟਰੱਸਟ ਦੇ ਅਹੁਦੇਦਾਰ ਲਛਮਣ ਸਿੰਘ ਮਲੂਕਾ ਅਤੇ ਆਰ. ਸੀ. ਸ਼ਰਮਾ ਤੋਂ ਇਲਾਵਾ ਸ਼ਹਿਰ ਦੇ ਉੱਘੇ ਸਾਹਿਤਕਾਰਾਂ ਵਿੱਚੋਂ ਕਹਾਣੀਕਾਰ ਜਸਪਾਲ ਮਾਨਖੇੜਾ, ਲੋਕ-ਗਾਇਕ ਜਗਸੀਰ ਜੀਦਾ, ਸ਼ਾਇਰ ਸੁਰਿੰਦਰਪ੍ਰੀਤ ਘਣੀਆ, ਆਲੋਚਕ ਗੁਰਦੇਵ ਸਿੰਘ ਖੋਖਰ, ਰਣਜੀਤ ਗੌਰਵ, ਲੋਕ ਮੋਰਚਾ ਪੰਜਾਬ ਤੋਂ ਜਗਮੇਲ ਸਿੰਘ, ਤਰਕਸ਼ੀਲ ਸੁਸਾੲਟੀ ਤੋਂ ਰਣਜੀਤ ਸਿੰਘ, ਐਫ. ਐਮ. ਰੇਡੀਓ ਤੋਂ ਗੁਰਮੀਤ ਧੀਮਾਨ ਆਦਿ ਸਖ਼ਸ਼ੀਅਤਾਂ ਮੌਜੂਦ ਸਨ।
Author: DISHA DARPAN
Journalism is all about headlines and deadlines.