ਬਠਿੰਡਾ, 9 ਮਾਰਚ (ਰਾਵਤ) : ਵਿਧਾਨ ਸਭਾ ਚੋਣਾਂ-2022 ਲਈ 10 ਮਾਰਚ 2022 ਨੂੰ ਹੋਣ ਵਾਲੀ ਗਿਣਤੀ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹੇ ਚ ਪੈਂਦੇ 6 ਵਿਧਾਨ ਸਭਾ ਹਲਕਿਆਂ (90-ਰਾਮਪੁਰਾ, 91-ਭੁੱਚੋਂ ਮੰਡੀ, 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ, 94-ਤਲਵੰਡੀ ਸਾਬੋ, 95-ਮੌੜ) ਲਈ 3 ਵੱਖ-ਵੱਖ ਸਥਾਨਾਂ ਤੇ ਗਿਣਤੀ ਹੋਵੇਗੀ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਸਿਖਲਾਈ ਅਧੀਨ ਆਈਏਐਸ ਅਧਿਕਾਰੀ ਸ਼੍ਰੀ ਨਿਕਾਸ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੀਤ ਕੁਮਾਰ ਨੇ ਗਿਣਤੀ ਸੈਂਟਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ 90-ਰਾਮਪੁਰਾ ਤੇ 93-ਬਠਿੰਡਾ ਦਿਹਾਤੀ ਦੀ ਗਿਣਤੀ ਸਰਕਾਰੀ ਪੌਲੀਟੈਨਿਕ ਕਾਲਜ ਬਠਿੰਡਾ ਵਿਖੇ ਤੇ 91-ਭੁੱਚੋ ਮੰਡੀ ਅਤੇ 95-ਮੌੜ ਦੀ ਗਿਣਤੀ ਪੈਸਕੋ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਬਠਿੰਡਾ ਤੇ 92-ਬਠਿੰਡਾ ਸ਼ਹਿਰੀ ਤੇ 94-ਤਲਵੰਡੀ ਸਾਬੋ ਲਈ ਆਈਐਚਐਮ ਬਠਿੰਡਾ ਵਿਖੇ ਗਿਣਤੀ ਸੈਂਟਰ ਬਣਾਏ ਗਏ ਹਨ। ਇਸ ਦੇ ਨਾਲ ਹੀ ਆਈਐਚਐਮ ਬਠਿੰਡਾ ਤੇ ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਵਿਖੇ ਮੀਡੀਆ ਸੈਂਟਰ ਵੀ ਬਣਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਗਿਣਤੀ ਸੈਂਟਰਾਂ ਤੇ ਪ੍ਰਤੀ ਵਿਧਾਨ ਸਭਾ ਸੀਟ ਲਈ 2 ਹਿੱਸਿਆਂ ਵਿਚ 7-7 ਟੇਬਲ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਹ ਟੇਬਲ 1 ਹੀ ਬਿੱਲਡਿੰਗ ਵਿਚ ਸਥਿਤ ਦੋ ਵੱਖ-ਵੱਖ ਹਾਲਾਂ ਵਿਚ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਹਾਲ ਵਿਚ ਰਿਟਨਿੰਗ ਅਫ਼ਸਰ ਤੇ ਆਬਜ਼ਰਵਰ ਤੇ ਦੂਜੇ ਹਾਲ ਵਿਚ ਏਆਰਓ ਮੌਜੂਦ ਰਹਿਣਗੇ ਜਦਕਿ ਹਰੇਕ ਰਾਉਂਡ ਦਾ ਨਤੀਜਾ ਇਕੱਠਿਆਂ ਐਲਾਨਿਆ ਜਾਵੇਗਾ। ਉਨ੍ਹਾਂ ਮੀਡੀਆ ਕਰਮੀਆਂ ਨੂੰ ਵੀ ਪੂਰਨ ਸਹਿਯੋਗ ਦੇਣ ਅਤੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਪੁਲਿਸ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਐਸਪੀ, ਡੀਐਸਪੀ ਅਤੇ ਹੋਰ ਅਧਿਕਾਰੀਆਂ ਸਮੇਤ ਕਰੀਬ 1600 ਸੁਰੱਖਿਆ ਕਰਮੀ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਮੌਕੇ ਤਹਿਸੀਲਦਾਰ ਚੋਣਾਂ ਸ਼੍ਰੀ ਗੁਰਚਰਨ ਸਿੰਘ ਹਾਜ਼ਰ ਰਹੇ।
Author: DISHA DARPAN
Journalism is all about headlines and deadlines.