– ਠੇਕੇਦਾਰ ਵੱਲੋਂ ਸਾਲ 2021-22 ਲਈ ਲਏ ਗਏ ਠੇਕੇ ਦੌਰਾਨ ਉਣਤਾਈਆਂ ਪਾਏ ਜਾਣ ‘ਤੇ ਕੀਤੀ ਗਈ ਕਾਰਵਾਈ
– 3 ਲੱਖ ਰੁਪਏ ਦੀ ਜ਼ਮਾਨਤੀ ਰਾਸ਼ੀ ਵੀ ਕੀਤੀ ਗਈ ਜ਼ਬਤ
ਲੁਧਿਆਣਾ, 09 ਮਾਰਚ (ਰਾਵਤ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜਾਰੀ ਹੁਕਮਾਂ ਤਹਿਤ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀ.ਸੀ. ਦਫ਼ਤਰ) ਦੀ ਬਹੁਮੰਜ਼ਿਲਾਂ ਪਾਰਕਿੰਗ ਸਟੈਂਡ ਦੀ ਪਾਰਕਿੰਗ ਦਾ ਠੇਕਾ ਸਾਲ 2021-22 ਲਈ ਨਿਰਧਾਰਿਤ ਸ਼ਰਤਾਂ ਦੀ ਪਾਲਣਾ ਨਾ ਕਰਨ ‘ਤੇ ਰੱਦ ਕਰ ਦਿੱਤਾ ਗਿਆ ਹੈ।ਡਿਪਟੀ ਕਮਿਸ਼ਨਰ ਵੱਲੋਂ ਸ੍ਰੀਮਤੀ ਸਵਿਤਾ ਰਾਣੀ, ਕੰਟਰੈਕਟਰ ‘ਜੈ ਸ੍ਰੀ ਬਾਲਾ ਜੀ’ ਨੂੰ ਬਲੈਕਲਿਸਟ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲੁਧਿਆਣਾ ਅੰਦਰ ਨਿਲਾਮ ਹੋਣ ਵਾਲੇ ਕਿਸੇ ਵੀ ਕਿਸਮ ਦੇ ਸਰਕਾਰੀ ਠੇਕਿਆਂ ਦੀ ਬੋਲੀ ਵਿੱਚ ਹਿੱਸਾ ਲੈਣ ਦਾ ਅਧਿਕਾਰ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਹੁਮੰਜ਼ਿਲਾਂ ਪਾਰਕਿੰਗ ਸਟੈਂਡ ਦੀ ਪਾਰਕਿੰਗ ਦਾ ਠੇਕਾ ਸਾਲ 2021-22 ਵੱਧ ਬੋਲੀ ਮੁਬਲੱਗ ਰਕਮ 65,25,000/- ਰੁਪਏ ਵਿੱਚ ਠੇਕੇ ਦੀਆਂ ਨਿਰਧਾਰਤ ਸ਼ਰਤਾਂ ‘ਤੇ ਪ੍ਰਵਾਨਗੀ ਉਪਰੰਤ ਦਿੱਤਾ ਗਿਆ ਸੀ, ਜਿਸ ਸਬੰਧੀ ਕੰਨਟਰੈਕਟਰ ਜੈ ਸ੍ਰੀ ਬਾਲਾ ਜੀ ਵੱਲੋ ਆਪਣੀ ਲਿਖਤੀ ਸਹਿਮਤੀ ਵੀ ਦਿੱਤੀ ਗਈ ਸੀ।
ਡਿਪਟੀ ਕਮਿਸ਼ਨਰ ਨੇ ਅੱਗੇ ਆਪਣੇ ਹੁਕਮਾਂ ਵਿੱਚ ਦੱਸਿਆ ਕਿ ਠੇਕੇਦਾਰ ਵੱਲੋਂ ਪਾਰਕਿੰਗ ਸਟੈਂਡ ਦੇ ਠੇਕੇ ਦੀਆਂ ਨਿਰਧਾਰਿਤ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਮਹੀਨਾਂਵਾਰ ਕਿਸਤਾਂ ਵਜੋਂ ਜੋ ਅਡਵਾਂਸ ਚੈਕ ਜਮ੍ਹਾਂ ਕਰਵਾਏ ਗਏ ਸਨ, ਉਹ ਬੈਂਕ ਵੱਲੋਂ ਆਊਟਵਾਰਡ ਦਾ ਇਤਰਾਜ਼ ਲਾ ਕੇ ਵਾਪਸ ਕਰ ਦਿੱਤੇ ਗਏ ਸਨ ਅਤੇ ਰਹਿੰਦੇ ਸਮੇਂ ਤੱਕ ਵੀ ਅਪਡੇਟ ਚੈਕ ਜਮ੍ਹਾਂ ਨਹੀਂ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਠੇਕੇ ਦੀ ਕੋਈ ਵੀ ਕਿਸ਼ਤ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਈ ਗਈ, ਸ਼ਰਤਾਂ ਅਨੁਸਾਰ ਜੀ.ਐਸ.ਟੀ. ਦੀਆਂ ਤਿਮਾਹੀ ਕਿਸ਼ਤਾਂ ਦੀਆਂ ਰਸੀਦਾਂ ਤੇ ਮਹੀਨਾਵਾਰ ਬਿਜਲੀ ਦੇ ਬਿੱਲਾਂ ਦੀਆਂ ਰਸ਼ੀਦਾ ਜਮ੍ਹਾਂ ਨਹੀਂ ਕਰਵਾਈਆਂ ਗਈਆਂ, ਪਾਰਕਿੰਗ ਪਰਚੀ ਇਲੈਕਟ੍ਰੋਨਿਕ ਮਸ਼ੀਨ ਨਾਲ ਕੱਟਣੀ ਸੀ ਜਦਕਿ ਪਰਚੀਆਂ ਹੱਥ-ਦਸਤੀ ਕੱਟ ਕੇ ਦਿੱਤੀਆਂ ਜਾ ਰਹੀਆਂ ਸਨ ਜਿਸ ‘ਤੇ ਕੋਈ ਵੀ ਰੇਟ ਅਤੇ ਜੀ.ਐਸ.ਟੀ. ਦੀ ਰਕਮ ਦਾ ਵੇਰਵਾ ਦਰਜ਼ ਨਹੀਂ ਸੀ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਠੇਕੇਦਾਰ ਵਿਰੁੱਧ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਸਬੰਧੀ ਠੇਕੇਦਾਰ ਨੂੰ ਸੰਮਨ ਜਾਰੀ ਕਰਦੇ ਹੋਏ ਪੜ੍ਹਤਾਲ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ ਪਰੰਤੂ ਠੇਕੇਦਾਰ ਪੜ੍ਹਤਾਲ ਵਿੱਚ ਸ਼ਾਮਲ ਨਹੀਂ ਹੋਇਆ। ਉਨ੍ਹਾਂ ਆਪਣੇ ਹੁਕਮਾਂ ਵਿੱਚ ਦੱਸਿਆ ਕਿ ਪੜਤਾਲ ਰਿਪੋਰਟ ਰਾਹੀਂ ਸਿੱਧ ਹੋਇਆ ਹੈ ਕਿ ਠੇਕੇਦਾਰ ਵੱਲੋਂ ਵੱਧ ਵਸੂਲੀ ਕੀਤੀ ਜਾ ਰਹੀ ਸੀ ਅਤੇ ਆਮ ਜਨਤਾ ਨਾਲ ਵਤੀਰਾ ਵੀ ਸਹੀ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਠੇਕੇਦਾਰ ਨੂੰ ਆਖ਼ਰੀ ਮੌਕਾ ਦਿੰਦੇ ਹੋਏ ਦਫ਼ਤਰ ਬੁਲਾਇਆ ਗਿਆ, ਪ੍ਰੰਤੂ ਠੇਕੇਦਾਰ ਦੇ ਨੁਮਾਇੰਦੇ ਵੱਲੋਂ ਕੁਝ ਸਮਾਂ ਜਵਾਬ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਜਿਹੜਾ ਜੁਆਬ ਦਿੱਤਾ ਗਿਆ ਉਹ ਵੀ ਤਸ਼ੱਲੀਬਖ਼ਸ਼ ਨਹੀਂ ਸੀ।
ਡਿਪਟੀ ਕਮਿਸ਼ਨਰ ਵੱਲੋਂ ਬਹੁਮੰਜ਼ਿਲਾਂ ਪਾਰਕਿੰਗ ਦਾ ਠੇਕਾ ਕੈਂਸਲ ਕਰਦੇ ਹੋਏ ਠੇਕੇਦਾਰ ਵੱਲੋਂ ਜਮ੍ਹਾਂ ਕਰਵਾਈ ਗਈ ਜਮਾਨਤੀ ਰਾਸ਼ੀ ਮੁਬਲੱਗ 3 ਲੱਖ ਰੁਪਏ ਜ਼ਬਤ ਕਰਕੇ ਬਲੈਕ ਲਿਸਟ ਘੋਸ਼ਿਤ ਕਰਦੇ ਹੋਏ ਬਾਕੀ ਰਹਿੰਦੀ ਰਕਮ ਦੀ ਵਸੂਲੀ ਲਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਕੀਤੇ ਹਨ। ਉਨ੍ਹਾਂ ਹੁਕਮ ਜਾਰੀ ਕੀਤੇ ਕਿ ਸ੍ਰੀਮਤੀ ਸਵਿਤਾ ਰਾਣੀ, ਕੰਟਰੈਕਟਰ ਜੈ ਸ੍ਰੀ ਬਾਲਾ ਜੀ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲੁਧਿਆਣਾ ਅੰਦਰ ਨਿਲਾਮ ਹੋਣ ਵਾਲੇ ਕਿਸੇ ਵੀ ਕਿਸਮ ਦੇ ਸਰਕਾਰੀ ਠੇਕਿਆਂ ਦੀ ਬੋਲੀ ਵਿੱਚ ਹਿੱਸਾ ਲੈਣ ਦਾ ਅਧਿਕਾਰ ਨਹੀਂ ਹੋਵੇਗਾ। ਇਹ ਆਦੇਸ਼ ਤੁਰੰਤ ਜਾਰੀ ਕਰਦੇ ਹੋਏ ਲਾਗੂ ਕੀਤੇ ਜਾਣਗੇ।
Author: DISHA DARPAN
Journalism is all about headlines and deadlines.