ਬਠਿੰਡਾ 7 ਮਾਰਚ ( ਕੁਲਵੰਤ ਕਾਲਝਰਾਨੀ ) -ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਪੇਂਡੂ ਜਲ ਘਰਾਂ ’ਤੇ ਇਨਲਿਸਟਮੈਂਟ ਪਾਲਸੀ ਅਤੇ ਠੇਕੇਦਾਰਾਂ ਅਧੀਨ ਪਿਛਲੇ 10-15 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ’ਤੇ ਸੇਵਾਵਾਂ ਦੇ ਰਹੇ ਠੇਕਾ ਅਧਾਰਿਤ ਕਾਮਿਆਂ ਨੂੰ ਜਿਥੇ ਆਪਣੇ ਪੱਕੇ ਰੁਜਗਾਰ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉਥੇ ਹੀ ਇਨ੍ਹਾਂ ਸਮੇਂ ਸਮੇਂ ਦੀਆਂ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਜਸਸ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਲਾਪ੍ਰਵਾਹੀ ਦੇ ਚਲਦੇ ਤਨਖਾਹਾਂ ਲਈ ਲੋੜੀਦਾ ਬਜਟ ਨਾ ਹੋਣ ਕਾਰਨ ਵਰਤਮਾਨ ਸਮੇਂ ਦੌਰਾਨ ਠੇਕਾ ਵਰਕਰਾਂ ਨੂੰ ਤਨਖਾਹਾਂ ਲੈਣ ਲਈ ਵੀ ਤਰਸਣਾ ਪੈ ਰਿਹਾ ਹੈ।ਇਸ ਸਬੰਧੀ ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੀਨੀਅਰ ਮੀਤ ਪ੍ਰਧਾਨ ਹਾਕਮ ਧਨੇਠਾ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਕਿਹਾ ਕਿ ਜਸਸ ਵਿਭਾਗ ਵਿਚ ਕੰਮ ਕਰਦੇ ਬਤੌਰ ਇਨਲਿਸਟਮੈਂਟ ਅਤੇ ਠੇਕੇਦਾਰਾਂ ਦੇ ਅਧਾਰਿਤ ਵਰਕਰਾਂ ਨੂੰ ਪਿਛਲੇ 3 ਮਹੀਨਿਆਂ ਦੀਆਂ ਤਨਖਾਹਾਂ ਨਹੀਂ ਮਿਲ ਰਹੀਆਂ ਹਨ। ਜੇਕਰ ਕਿੱਧਰੇ ਤਨਖਾਹਾਂ ਮਿਲ ਵੀ ਰਹੀਆਂ ਹਨ ਤਾਂ ਉਥੇ ਵੀ ਵਰਕਰਾਂ ਨੂੰ ਕਟੌਤੀ ਕਰਕੇ ਘੱਟ ਮਿਲ ਰਹੀਆਂ ਹਨ। ਜਦੋ ਇਸ ਬਾਰੇ ਸਬੰਧਤ ਐਕੀਸਅਨ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਫੰਡ ਜਾਰੀ ਨਾ ਹੋਣ ਦਾ ਬਹਾਨਾ ਬਣਾ ਕੇ ਡੰਗ ਟਪਾਇਆ ਜਾ ਰਿਹਾ ਹੈ। ਜਦਕਿ ਐਕਸੀਅਨ ਦੀ ਦੇਖ ਰੇਖ ਹੇਠ ਹੀ ਇਹ ਕਾਮੇ ਕੰਮ ਕਰ ਰਹੇ ਹਨ, ਇਸ ਲਈ ਐਕਸੀਅਨ ਦੀ ਜਿੰਮੇਵਾਰੀ ਬਣਦੀ ਹੈ ਕਿ ਠੇਕਾ ਕਾਮਿਆਂ ਨੂੰ ਤਨਖਾਹਾਂ ਸਮੇਂ ਸਿਰ ਦੇਣ ਲਈ ਫੰਡ ਮੰਗਵਾਏ ਜਾਣ ਅਤੇ ਵਰਕਰ ਦੀ ਹਰ ਮੁਸ਼ਕਲ ਦਾ ਹੱਲ ਕੀਤਾ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਦਫਤਰ ਲੇਬਰ ਕਮਿਸ਼ਨਰ ਪੰਜਾਬ, ਮਾਡਲ ਵੈਲਫੇਅਰ ਸੈਂਟਰ, ਲੇਬਰ ਭਵਨ ਫੇਜ-10 ਮੋਹਾਲੀ ਦੇ ਪੱਤਰ ਨੰਬਰ -ਸਟ/17065 ਮਿਤੀ 30-11-2021 ਰਾਹੀ ਠੇਕਾ ਅਧਾਰਿਤ ਕਾਮਿਆਂ ਦੀਆਂ ਉਜਰਤਾਂ ਵਿਚ 415.89 ਰੁਪਏ ਪ੍ਰਤੀ ਮਹੀਨਾ ਵਾਧਾ ਕੀਤਾ ਗਿਆ ਹੈ ਅਤੇ ਇਹ ਵਾਧਾ ਮਿਤੀ 01-03-2020 ਤੋਂ ਲਾਗੂ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਮਿਤੀ 01-03-2020 ਤੋਂ ਠੇਕਾ ਅਧਾਰਿਤ ਕਾਮਿਆਂ ਨੂੰ ਏਰੀਅਰ ਦੇਣ ਦਾ ਫੈਸਲਾ ਕੀਤਾ ਗਿਆ ਹੈ ਪਰੰਤੂ ਤ੍ਰਾਂਸਦੀ ਇਹ ਹੈ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ’ਚ ਕੰਮ ਕਰਦੇ ਠੇਕਾ ਕਾਮਿਆਂ ਨੂੰ ਉਪਰੋਕਤ ਬਣਦਾ ਏਰੀਅਰ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਇਸ ਪੱਤਰ ਮੁਤਾਬਿਕ ਤਨਖਾਹਾਂ ਵਿਚ ਵਾਧਾ ਕੀਤਾ ਜਾ ਰਿਹਾ।
ਅੱਜ ਜਥੇਬੰਦੀ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਨੋਟਿਸ ਭੇਜ ਕੇ ਚੇਤਾਵਨੀ ਦਿੱਤੀ ਗਈ ਹੈ ਕਿ ਵਰਕਰਾਂ ਦੀਆਂ ਰੁਕੀਆਂ ਤਨਖਾਹਾਂ ਦੇ ਫੰਡ ਤੁਰੰਤ ਜਾਰੀ ਕੀਤੇ ਜਾਣ ਅਤੇ ਲੇਬਰ ਕਮਿਸ਼ਨ ਦੇ ਜਾਰੀ ਪੱਤਰ ਮੁਤਾਬਿਕ ਬਣਦਾ ਏਰੀਅਰ ਅਤੇ ਤਨਖਾਹਾਂ ਵਧਾਉਣ ਦਾ ਪੱਤਰ ਕਾਰਜਕਾਰੀ ਇੰਜੀਨੀਅਰ ਨੂੰ ਜਾਰੀ ਕੀਤਾ ਜਾਵੇ ਅਤੇ ਮਿ੍ਰਤਕ ਵਰਕਰਾਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ’ਤੇ ਨੋਕਰੀ ਦੇਣ ਦੇ ਇਨਲਿਸਟਮੈਂਟ ਦੇ ਅਪੈਡਿੰਗ ਪਏ ਕੇਸ ਅਤੇ ਹੋਰ ਜਥੇਬੰਦੀ ਦੀਆਂ ਮੰਗਾਂ ਦਾ ਹੱਲ ਤੁਰੰਤ ਕੀਤਾ ਜਾਵੇ। ਨਹੀਂ ਤਾਂ ਇਸਦੇ ਵਿਰੁੱਧ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਫੈਸਲੇ ਤਹਿਤ 15 ਮਾਰਚ 2022 ਨੂੰ ਵਰਕਰ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਪੰਜਾਬ ਭਰ ਵਿਚ ਨਿਗਰਾਨ ਇੰਜੀਨੀਅਰ ਦਫਤਰਾਂ ਅੱਗੇ ਸਰਕਲ ਪੱਧਰੀ ਧਰਨੇ ਦੇਣ ਲਈ ਮਜਬੂਰ ਹੋਣਗੇ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰੀ ਸਿੱਧੇ ਰੂਪ ਵਿਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਸਰਕਾਰ ਦੀ ਸਿੱਧੇ ਤੌਰ ’ਤੇ ਹੋਵੇਗੀ। ਜੇਕਰ ਫਿਰ ਵੀ ਉਪਰੋਕਤ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਇਸਦੇ ਬਾਅਦ ਜਥੇਬੰਦੀ ਵਲੋਂ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਸੂਬਾ ਆਗੂ ਸੁਰੇਸ਼ ਕੁਮਾਰ ਮੋਹਾਲੀ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਗਰੂਰ, ਰੁਪਿੰਦਰ ਸਿੰਘ ਫਿਰੋਜਪੁਰ, ਭੁਪਿੰਦਰ ਸਿੰਘ ਕੁਤਬੇਵਾਲ, ਸੰਦੀਪ ਖਾਂ, ਸਹਾਇਕ ਖਜਾਨਚੀ ਸੁਰਿੰਦਰ ਸਿੰਘ ਮਾਨਸਾ, ਗੁਰਵਿੰਦਰ ਸਿੰਘ ਬਾਠ, ਪ੍ਰਦੂਮਣ ਸਿੰਘ ਅਮਿ੍ਰਤਸਰ, ਜਗਰੂਪ ਸਿੰਘ, ਸਹਲਾਕਾਰ ਤਰਜਿੰਦਰ ਸਿੰਘ ਮਾਨ ਆਦਿ ਮੌਜੂਦ ਸਨ।
ਜਾਰੀ ਕਰਤਾ
ਸਤਨਾਮ ਸਿੰਘ ਫਲੀਆਵਾਲਾ, ਸੂਬਾ ਪ੍ਰੈਸ ਸਕੱਤਰ
ਮੋਬਾਇਲ 9878322501
Author: DISHA DARPAN
Journalism is all about headlines and deadlines.