ਤਲਵੰਡੀ ਸਾਬੋ 14 ਫਰਵਰੀ (ਰੇਸ਼ਮ ਸਿੰਘ ਦਾਦੂ) ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੀ ਨਿਤ ਦਿਨ ਹੋਰ ਮਜ਼ਬੂਤ ਹੁੰਦੀ ਸਥਿੱਤੀ ਨੂੰ ਅੱਜ ਉਦੋਂ ਵੱਡਾ ਬਲ ਮਿਲਿਆ ਜਦੋਂ ਤਲਵੰਡੀ ਸਾਬੋ ਨਗਰ ਦੇ ਗਿੱਲਾਂ ਵਾਲਾ ਖੂਹ ਤੇ ਰੱਖੀ ਜਨਸਭਾ ਵਿੱਚ ਸ਼ਹਿਰ ਵਿੱਚੋਂ ਵੱਡੀ ਗਿਣਤੀ ਲੋਕਾਂ ਦਾ ਜਨਸੈਲਾਬ ਉਮੜ ਆਇਆ ਅਤੇ ਉਕਤ ਜਨਸਭਾ ਕਿਸੇ ਵਿਸ਼ਾਲ ਰੈਲੀ ਤੋਂ ਘੱਟ ਨਹੀ ਸੀ ਰਹਿ ਗਈ।ਉਕਤ ਵਿਸ਼ਾਲ ਜਨਸਭਾ ਨੂੰ ਜ਼ਜ਼ਬਾਤੀ ਤੌਰ ਤੇ ਸੰਬੋਧਨ ਹੁੰਦਿਆਂ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਪਿਛਲੇ ਪੰਜ ਸਾਲ ਤੁਸੀਂ ‘ਆਪ’ ਦੀ ਵਿਧਾਇਕਾ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਤੇ ਵਿਸ਼ਵਾਸ ਪ੍ਰਗਟਾਇਆ ਪਰ ਉਨਾਂ ਨੇ ਹਲਕੇ ਅਤੇ ਨਗਰ ਨੂੰ ਜੰਗਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ।ਉਨਾਂ ਕਿਹਾ ਕਿ ਪਵਿੱਤਰ ਨਗਰ ਵਿੱਚ ਅੱਜ ਹਰ ਮੋੜ ਤੇ ਨਸ਼ੇ ਵਿਕ ਰਹੇ ਹਨ ਪਰ ਨਗਰ ਦਾ ਨਾ ਤਾਂ ਹਲਕੇ ਦੀ ਵਿਧਾਇਕਾ ਅਤੇ ਨਾ ਕਾਂਗਰਸੀ ਆਗੂਆਂ ਨੇ ਪਤਾ ਲਿਆ।ਉਨਾਂ ਕਿਹਾ ਕਿ ਅੱਧੇ ਨੌਜਵਾਨ ਵਿਦੇਸ਼ਾਂ ਵੱਲ ਭੱਜ ਗਏ ਅਤੇ ਬਾਕੀ ਬਚਦੇ ਨਸ਼ੇੜੀ ਬਨਣ ਵੱਲ ਵਧ ਰਹੇ ਹਨ ਪਰ ਚਿੰਤਾ ਸਿਰਫ ਅਸੀਂ ਕੀਤੀ ਹੈ ਕਿਉਂਕਿ 26 ਸਾਲ੍ਹਾਂ ਤੋਂ ਤੁਹਾਡੇ ਵਿੱਚ ਹਾਂ ਅਤੇ ਅੱਗੇ ਵੀ ਇੱਥੇ ਹੀ ਰਹਿਣਾ ਹੈ।ਉਨਾਂ ਕਿਹਾ ਮੈਂ ਉਨਾਂ ਵਿੱਚੋਂ ਨਹੀ ਜੋ ਜਿੱਤ ਕੇ ਧੰਨਵਾਦ ਕਰਨ ਵੀ ਨਾ ਆਵੇ ਅਤੇ ਨਾ ਹੀ ਉਨਾਂ ਵਿੱਚੋਂ ਹਾਂ ਜੋ ਆਪਣੀ ਜੇਬ ਭਰਨ ਲਈ ਨੌਜਵਾਨੀ ਨੂੰ ਨਸ਼ਿਆਂ ਵਿੱਚ ਧਕੇਲ ਦੇਵੇ।ਉਨਾਂ ਕਿਹਾ ਕਿ ਮੈਂ ਨਗਰ ਦਾ ਵਿਕਾਸ ਕਰਵਾਇਆ।ਸ਼ਹਿਰ ਵਿੱਚ ਪੀਣ ਵਾਲੇ ਪਾਣੀ ਲਈ ਵਾਟਰਵਰਕਸ ਬਣਵਾਏ ਅਤੇ ਗਰੀਬ ਲੋਕਾਂ ਦੇ ਨਿੱਜੀ ਸਮਾਗਮਾਂ ਲਈ ਕਮਿਊਨਿਟੀ ਸੈਂਟਰ ਬਣਵਾਇਆ ਜੋ ਮੌਜੂਦਾ ਨਗਰ ਕੌਂਸਲ ਨੇ ਠੇਕੇ ਤੇ ਦੇ ਦਿੱਤਾ।ਉਨਾਂ ਕਿਹਾ ਕਿ ਸਰਕਾਰ ਬਣਦਿਆਂ ਹੀ ਕਮਿਊਨਿਟੀ ਸੈਂਟਰ ਵਿੱਚ ਗਰੀਬ ਵਰਗ ਦੇ ਲੋਕ ਸਿਰਫ 2100 ਰੁਪਏ ਵਿੱਚ ਆਪਣੇ ਸਮਾਗਮ ਕਰ ਸਕਣਗੁੇ।ਸਿੱਧੂ ਨੇ ਸ਼ਹਿਰ ਨੂੰ ਮੁੜ ਵਿਕਾਸ ਵੱਲ ਲਿਆਉਣ,ਨਸ਼ਿਆਂ ਅਤੇ ਗੁੰਡਾਗਰਦੀ ਦੇ ਖਾਤਮੇ ਦੇ ਨਾਂ ਤੇ ਵੋਟ ਮੰਗੇ।ਸਮਾਗਮ ਨੂੰ ਬਸਪਾ ਪੰਜਾਬ ਦੇ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ,ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਨਿੱਕਾ ਅਤੇ ਕਾਕਾ ਗੁਰਬਾਜ਼ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।
Author: DISHA DARPAN
Journalism is all about headlines and deadlines.