ਬਠਿੰਡਾ,12ਫਰਵਰੀ (ਚਾਨੀ) ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਟੀ ਨੇ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਉਨ੍ਹਾਂ ਵੱਲੋਂ ਹਰ ਰੋਜ਼ ਕਰੀਬ ਇੱਕ ਦਰਜਨ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ।ਇਸ ਚੋਣ ਮੁਹਿੰਮ ਤਹਿਤ ਅੱਜ ਉਨ੍ਹਾਂ ਨੇ ਹਲਕੇ ਦੇ ਪਿੰਡ ਗੁਲਾਬਗੜ੍ਹ, ਕੋਟਸ਼ਮੀਰ, ਜੱਸੀ ਪੌ ਵਾਲੀ, ਜੋਧਪੁਰ ਰੋਮਾਣਾ, ਬਾਹੋ ਯਾਤਰੀ, ਬਾਬਾ ਜੀਵਨ ਸਿੰਘ ਨਗਰ, ਮੁਲਤਾਨੀਆ, ਮੀਆਂ, ਬਾਹੋ ਸਿਵੀਆਂ, ਚੁੱਘੇ ਕਲਾਂ,ਸਰਦਾਰਗੜ੍ਹ ਅਤੇ ਕਰਮਗੜ੍ਹ ਛਤਰਾਂ ਦਾ ਦੌਰਾ ਕੀਤਾ। ਇਸ ਦੌਰਾਨ ਹਰਵਿੰਦਰ ਸਿੰਘ ਲਾਡੀ ਨੂੰ ਕਰੀਬ ਅੱਠ ਥਾਵਾਂ ਤੇ ਲੱਡੂਆਂ ਨਾਲ ਤੋਲਿਆ ਗਿਆ।ਇਸ ਦੇ ਨਾਲ ਹੀ ਅਕਾਲੀ ਦਲ ਅਤੇ ਆਪ ਛੱਡ ਕੇ ਅਨੇਕਾਂ ਪਰਿਵਾਰਾਂ ਨੇ ਕਾਂਗਰਸ ਪਾਰਟੀ ਦਾ ਪੰਜਾ ਫੜ੍ਹਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਵੋਟਰਾਂ ਨੂੰ ਉਮੀਦਵਾਰ ਦੇ ਕੰਮਾਂਕਾਰਾਂ ਨੂੰ ਦੇਖ ਕੇ ਹੀ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਹਲਕੇ ਅੰਦਰ ਠੱਗੀਆਂ ਮਾਰੀਆਂ ਜਦੋਂ ਕਿ ਉਨ੍ਹਾਂ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਲਈ ਕੰਮ ਕੀਤਾ ਹੈ।ਉਨ੍ਹਾਂ ਪੰਜ ਸਾਲਾਂ ਦੌਰਾਨ ਹਲਕੇ ਅੰਦਰ ਕਰਵਾਏ ਵਿਕਾਸ ਕਾਰਜਾਂ ਦਾ ਵਿਸਥਾਰਪੂਰਵਕ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਹਲਕੇ ਨੂੰ ਵਿਕਾਸ ਪੱਖੋਂ ਇਕ ਨੰਬਰ ‘ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਪੰਜ ਪੰਜ ਸਾਲ ਤੋਂ ਹਲਕੇ ਦੇ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਦੂਰ ਕਰਨ ਦਾ ਯਤਨ ਕਰ ਰਹੇ ਹਨ ਪਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਕਦੇ ਵੀ ਲੋਕਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਉਹ ਹਲਕੇ ਵਿੱਚ ਵਿਚਰੇ ਹਨ। ਉਨ੍ਹਾਂ ਹਮੇਸ਼ਾ ਸਾਫ ਸੁਥਰੀ ਰਾਜਨੀਤੀ ਕਰਦਿਆਂ ਲੋਕ ਹਿੱਤ ਵਿੱਚ ਕੰਮ ਕੀਤਾ ਹੈ ਇਸ ਲਈ ਉਹ ਲੋਕਾਂ ਤੋਂ ਵੋਟਾਂ ਦੀ ਮੰਗ ਕਰ ਰਹੇ ਹਨ।
Author: DISHA DARPAN
Journalism is all about headlines and deadlines.