22 ਮਈ, ਸ਼ਾਹਿਦ ਪਰਵੇਜ਼ ਖਾਨ -ਪੰਜਾਬ ਦੇ ਜੇਲ ਵਿਭਾਗ ਨੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ ‘ਚ ਜੇਲ ਵਿਭਾਗ ‘ਤੇ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰਾਂ ਦੀ ਕੋਈ ਕੁਤਾਹੀ ਨਹੀਂ ਕੀਤੀ ਗਈ ਅਤੇ ਵਿਭਾਗ ਵੱਲੋਂ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਕੁਝ ਗ਼ੈਰ-ਪ੍ਰਮਾਣਿਤ ਖਬਰਾਂ ਰਾਹੀਂ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕੁਝ ਸਮੇਂ ਲਈ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਇੱਕ ਬੈਰਕ ਵਿੱਚ ਰੱਖਿਆ ਗਿਆ ਸੀ, ਜਿਸ ਖਿਲਾਫ਼ ਕਈ ਮੁਕੱਦਮੇ ਦਰਜ ਹਨ ਬੁਲਾਰੇ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਸਾਰੀਆਂ ਖ਼ਬਰਾਂ ਤੇ ਰਿਪੋਰਟਾਂ ਸੱਚ ਤੋਂ ਸੱਖਣੀਆਂ ਅਤੇ ਬੇਬੁਨਿਆਦ, ਝੂਠੀਆਂ, ਅਤੇ ਅਪਮਾਨਜਨਕ ਹਨ। ਉਨਾਂ ਕਿਹਾ ਕਿ ਇੰਦਰਜੀਤ ਸਿੰਘ ਵੱਖਰੀ ਬੈਰਕ ਵਿੱਚ ਬੰਦ ਹੈ ਅਤੇ ਜੇਲ ਵਿੱਚ ਦਾਖਲ ਹੋਣ ਤੋਂ ਬਾਅਦ ਉਸ ਨੇ ਕਦੇ ਵੀ ਸ੍ਰੀ ਸਿੱਧੂ ਨਾਲ ਕੋਈ ਵੀ ਬੈਰਕ ਸਾਂਝੀ ਨਹੀਂ ਕੀਤੀ।
ਉਨਾਂ ਕਿਹਾ ਕਿ ਸ੍ਰੀ ਸਿੱਧੂ ਉਸ ਬੈਰਕ ਵਿੱਚ ਬੰਦ ਹਨ, ਜਿੱਥੇ ਕੁਝ ਹੋਰ ਕੈਦੀ ਵੀ ਬੰਦ ਹਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਨਾਂ ਕੈਦੀਆਂ ਦੇ ਪਿਛੋਕੜ ਦੀ ਚੰਗੀ ਤਰਾਂ ਪੜਤਾਲ ਕਰਨ ਪਿੱਛੋਂ ਹੀ ਸ੍ਰੀ ਸਿੱਧੂ ਨੂੰ ਇਹਨਾਂ ਨਾਲ ਰੱਖਿਆ ਗਿਆ ਹੈ।
Author: DISHA DARPAN
Journalism is all about headlines and deadlines.