-ਪੀੜਤ ਆਈ.ਜੀ. ਤੱਕ ਕਰ ਚੁੱਕੇ ਹਨ ਇਨਸਾਫ਼ ਲਈ ਫ਼ਰਿਆਦ ਵੀ ਕੰਮ ਨਹੀਂ ਆਈ-
ਸੰਗਤ ਮੰਡੀ (ਬਿਊਰੋ)ਸਥਾਨਕ ਪੁਲੀਸ ਦੀ ਅਣਗਹਿਲੀ ਕਾਰਨ ਬੀਤੇ ਦਿਨੀਂ ਸੜ੍ਹਕ ਹਾਦਸੇ ਵਿੱਚ ਜ਼ਖਮੀ ਹੋਏ ਆਪਣੇ ਪੁੱਤਰ ਲਈ ਇਨਸਾਫ਼ ਲੈਣ ਲਈ ਮਾਪਿਆਂ ਦੇ ਖੱਜਲ-ਖੁਆਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਉਹ ਆਈ.ਜੀ ਤੱਕ ਵੀ ਆਪਣੀ ਫ਼ਰਿਆਦ ਲੈ ਕੇ ਜਾ ਚੁੱਕੇ ਹਨ ਪਰ ਪਰਨਾਲਾ ਅਜੇ ਉਥੇ ਦਾ ਉਥੇ ਹੀ ਹੈ।ਦਰਅਸਲ 22 ਫ਼ਰਵਰੀ ਨੂੰ ਬਠਿੰਡਾ- ਡੱਬਵਾਲੀ ਨੈਸ਼ਨਲ ਹਾਈਵੇ ਤੇ ਸੰਗਤ ਕੈਂਚੀਆਂ ਉੱਪਰ ਸ਼ਰਨਦੀਪ ਜ਼ੋਸ਼ੀ ਆਪਣੇ ਦੋਸਤ ਜਿਨੇਸ਼ ਗੋਇਲ ਪੁੱਤਰ ਅਮਿ੍ਤਲਾਲ ਗੋਇਲ ਨਾਲ ਐਕਟਿਵਾ ਸਕੂਟਰੀ ਦੇ ਮਗਰ ਬੈਠ ਕਿਸੇ ਕੰਮ ਲਈ ਸੰਗਤ ਕੈਂਚੀਆਂ ਵੱਲ ਜਾ ਰਹੇ ਸਨ ਤਾਂ
ਡੱਬਵਾਲੀ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਨੋਵਾ ਕਾਰ ਅਚਾਨਕ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਸ਼ਰਨਦੀਪ ਜੋਸ਼ੀ ਦੀ ਲੱਤ ਟੁੱਟ ਗਈ।ਉਸਨੂੰ ਸੰਗਤ ਸਹਾਰਾ ਐਂਬੂਲੈਂਸ ਦੀ ਟੀਮ ਨੇ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਇਲਾਜ ਲਈ ਦਾਖਲ ਕਰਾਇਆ।ਇਸ ਸਬੰਧੀ ਸ਼ਰਨਦੀਪ ਦੇ ਪਿਤਾ ਰਾਜਦੀਪ ਜ਼ੋਸ਼ੀ ਨੇ ਸੰਗਤ ਥਾਣਾ ਦੇ ਮੁਲਾਜ਼ਮਾਂ ਨੂੰ ਕਈ ਵਾਰ ਟੱਕਰ ਮਾਰਨ ਵਾਲੀ ਇਨੋਵਾ ਕਾਰ ਦੇ ਖਿਲਾਫ ਐੱਫ ਆਈ ਆਰ ਕੱਟਣ ਲਈ ਕਿਹਾ ਪਰ ਸੰਗਤ ਪੁਲਿਸ ਨੇ ਇਸ ਕੇਸ ਵੱਲ ਕੋਈ ਧਿਆਨ ਨਹੀਂ ਦਿੱਤਾ ਤਾਂ ਉਸ ਨੇ ਇਨਸਾਫ਼ ਲੈਣ ਲਈ 15 ਮਾਰਚ ਨੂੰ ਇੱਕ ਲਿਖਤੀ ਦਰਖਾਸਤ ਐੱਸ. ਐੱਸ. ਪੀ ਸਾਹਿਬ ਬਠਿੰਡਾ ਨੂੰ ਦਿਤੀ ਅਤੇ ਇਸ ਤੋਂ ਇਲਾਵਾ ਪੂਰੇ ਕੇਸ ਬਾਰੇ ਜਾਣਕਾਰੀ ਵੀ ਦਿੱਤੀ।ਇਸ ਦੇ ਬਾਵਜੂਦ ਵੀ ਕੋਈ ਸੁਣਵਾਈ ਨਾ ਹੋਣ ਕਾਰਨ ਮਜ਼ਬੂਰ ਹੋ ਕੇ ਉਹ 30 ਮਾਰਚ ਨੂੰ ਆਈ. ਜੀ. ਸਾਹਿਬ ਬਠਿੰਡਾ ਕੋਲ ਆਪਣੇ ਕੁਝ ਸਾਥੀਆਂ ਸਮੇਤ ਪੇਸ਼ ਹੋਏ ਅਤੇ ਉਨ੍ਹਾਂ ਨੂੰ ਇਸ ਕੇਸ ਸਬੰਧੀ ਜਾਣੂ ਕਰਵਾਉਂਦਿਆ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਕੀਤੀ। ਆਈ ਜੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਅਤੇ ਇਸ ਕੇਸ ਦੀ ਇਨਕੁਆਰੀ ਕਰਨ ਦੀ ਜ਼ਿੰਮੇਵਾਰੀ ਡੀ. ਐੱਸ. ਪੀ. ਬਠਿੰਡਾ ਦਿਹਾਤੀ ਨੂੰ ਦਿੱਤੀ। ਇਨਕੁਆਰੀ ਕਰਨ ਲਈ ਡੀ. ਐੱਸ. ਪੀ ਨੇ ਸੰਗਤ ਮੰਡੀ ਪਹੁੰਚ ਕੇ ਰੋਹਿਤ ਕੁਮਾਰ ਗੋਗੀ (ਸਾਬਕਾ ਐੱਮ. ਸੀ) ਦੀ ਦੁਕਾਨ ਵਿਚ ਜਿਨੇਸ਼ ਕੁਮਾਰ ਨੂੰ ਬੁਲਾ ਕੇ ਰਾਜਦੀਪ ਜ਼ੋਸ਼ੀ,ਅਜੀਤ ਸਿੰਘ,ਬਲਜੀਤ ਸਿੰਘ ਅਤੇ ਕੁਝ ਮੰਡੀ ਨਿਵਾਸੀਆਂ ਦੀ ਮੌਜੂਦਗੀ ਵਿੱਚ ਉਸਦੇ ਬਿਆਨ ਲਏ ਤਾਂ ਉਸਨੇ ਕਿਹਾ ਕਿ ਐਕਟਿਵਾ ਜਿਸ ਨੂੰ ਉਹ ਚਲਾ ਰਿਹਾ ਸੀ ਅਤੇ ਪਿੱਛੇ ਸ਼ਰਨਦੀਪ ਜੋਸ਼ੀ ਬੈਠਾ ਹੋਇਆ ਸੀ,ਨੂੰ ਸੰਗਤ ਕੈਂਚੀਆਂ ਉੱਪਰ ਡੱਬਵਾਲੀ ਪਾਸੋਂ ਆ ਰਹੀ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਸ਼ਰਨਦੀਪ ਜੋਸ਼ੀ ਦੀ ਲੱਤ ਟੁੱਟ ਗਈ ਅਤੇ ਉਸਨੂੰ ਸੰਗਤ ਸਹਾਰਾ ਕਲੱਬ ਵੱਲੋਂ ਬਠਿੰਡਾ ਹਸਪਤਾਲ ਵਿੱਚ ਪਹੁੰਚਾਇਆ ਗਿਆ।ਇਸ ਉਪਰੰਤ ਡੀਐੱਸਪੀ ਨੇ ਜਿਨੇਸ਼ ਗੋਇਲ ਅਤੇ ਉਸ ਦੇ ਪਿਤਾ ਅੰਮ੍ਰਿਤ ਗੋਇਲ ਨੂੰ ਸੰਗਤ ਥਾਣੇ ‘ਚ ਆ ਕੇ ਆਪਣੇ ਬਿਆਨ ਲਿਖਵਾਉਣ ਲਈ ਕਿਹਾ ਜਦਕਿ ਉਨ੍ਹਾਂ ਨੂੰ ਘਰ ਵਾਪਿਸ ਭੇਜ ਦਿੱਤਾ। ਰਾਜਦੀਪ ਨੇ ਦੱਸਿਆ ਕਿ ਇਸ ਤੋਂ ਬਾਅਦ ਡੀਐੱਸਪੀ ਕੋਈ ਕਾਰਵਾਈ ਕਰਨ ਦੀ ਬਜਾਏ ਉਸ ਉੱਪਰ ਸਮਝੌਤਾ ਕਰਵਾਉਣ ਲਈ ਦਬਾਅ ਪਾਉਣ ਲੱਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੰਗਤ ਥਾਣਾ ਦੇ ਮੁਲਾਜ਼ਮ ਵੀ ਸਮਝੌਤਾ ਕਰਵਾਉਣ ਲਈ ਉਸ ਉੱਪਰ ਦਬਾਅ ਪਾਉਂਦੇ ਰਹੇ ਜਿਸ ਕਾਰਨ ਮਜ਼ਬੂਰੀ ਵਿੱਚ ਉਸ ਨੂੰ ਆਈ.ਜੀ ਤੱਕ ਪਹੁੰਚ ਕਰਨੀ ਪਈ ਸੀ।ਉਨ੍ਹਾਂ ਮੰਗ ਕੀਤੀ ਕਿ ਦੋ ਮਹੀਨਿਆਂ ਬਾਅਦ ਵੀ ਐੱਫ ਆਈ ਆਰ ਦਰਜ ਨਾ ਕਰਨ ਵਾਲੇ ਸੰਗਤ ਥਾਣਾ ਦੇ ਮੁਲਾਜ਼ਮਾਂ ‘ਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਨੇ ਕੇਸ ਨੂੰ ਉਲਝਾਉਣ ਵਾਸਤੇ ਗਲਤ ਬਿਆਨ ਦਿੱਤੇ ਹਨ ਉਨ੍ਹਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਨਾ ਪੁਲਿਸ ਪ੍ਰਸ਼ਾਸਨ ਅਤੇ ਨਾ ਹੀ ਗਲਤ ਬਿਆਨ ਦੇਣ ਵਾਲੇ ਗਲਤੀ ਕਰਨ। ਰਾਜਦੀਪ ਜੋਸ਼ੀ ਨੇ ਮੁੱਖ ਮੰਤਰੀ ਪੰਜਾਬ,ਡੀ, ਜੀ,ਪੀ ਪੰਜਾਬ, ਆਈ, ਜੀ ਬਠਿੰਡਾ, ਐੱਸ,ਐੱਸ, ਪੀ ਬਠਿੰਡਾ ਤੋਂ ਮੰਗ ਕੀਤੀ ਕਿ ਟੱਕਰ ਮਾਰ ਕੇ ਉਸ ਦੇ ਬੇਟੇ ਦੀ ਲੱਤ ਤੋੜਨ ਵਾਲ਼ੇ ਇਨੋਵਾ ਕਾਰ ਵਾਲੇ ਖ਼ਿਲਾਫ਼ ਐਫ ਆਈ ਆਰ ਕੱਟਣ ਦੇ ਹੁਕਮ ਕੀਤੇ ਜਾਣ ਅਤੇ ਜਿਨ੍ਹਾਂ ਪੁਲਿਸ ਕਰਮਚਾਰੀ ਦੀ ਅਣਗਹਿਲੀ ਕਰਕੇ ਹੁਣ ਤੱਕ ਐਫ ਆਈ ਆਰ ਨਾ ਕੱਟੀ ਜਾਣ ਕਰਕੇ ਉਨ੍ਹਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਉਨਾਂ ਉੱਪਰ ਵਿਭਾਗੀ ਕਾਰਵਾਈ ਕੀਤੀ ਜਾਵੇ।
Author: DISHA DARPAN
Journalism is all about headlines and deadlines.