-ਪੰਜ ਸੌ ਤੋਂ ਵਧੇਰੇ ਮਰੀਜ਼ਾਂ ਨੇ ਲਿਆ ਸਿਹਤ ਮੇਲੇ ਦਾ ਲਾਹਾ-
-ਪੰਦਰਾਂ ਸੌ ਤੋਂ ਵਧੇਰੇ ਨਾਗਰਿਕਾਂ ਨੇ ਕੀਤੀ ਸ਼ਿਰਕਤ-
ਸੰਗਤ ਮੰਡੀ:20 ਅਪ੍ਰੈਲ (ਬਿਊਰੋ) ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਸਮਾਗਮਾਂ ਦੀ ਲੜੀ ਤਹਿਤ ਕਮਿਊਨਿਟੀ ਹੈਲਥ ਸੈਂਟਰ ਸੰਗਤ ਵਿਖੇ ਕਰਵਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ ਯਾਦਗਾਰੀ ਹੋ ਨਿਬੜਿਆ, ਜਿਸ ਵਿੱਚ ਪੰਜ ਸੌ ਤੋਂ ਵਧੇਰੇ ਮਰੀਜ਼ਾਂ ਨੇ ਮੈਡੀਕਲ ਕੈਂਪ ਦਾ ਲਾਹਾ ਲੈਂਦਿਆਂ ਹੋਇਆਂ ਆਪਣੀ ਸਿਹਤ ਦੀ ਜਾਂਚ ਕਰਵਾਈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਆਦੇਸ਼ਾਂ ਮੁਤਾਬਕ ਸਿਵਲ ਸਰਜਨ ਬਠਿੰਡਾ ਡਾ ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਬਲਾਕ ਪੱਧਰੀ ਸਿਹਤ ਮੇਲਾ ਸੀ ਐੱਚ ਸੀ ਸੰਗਤ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕ ਇੰਜਨੀਅਰ ਅਮਿਤ ਰਤਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ, ਜਦੋਂ ਕਿ ਓਮ ਸੰਨਜ਼ ਪ੍ਰਾਈਵੇਟ ਲਿਮਟਿਡ ਸੰਗਤ ਦੇ ਮੁੱਖ ਪ੍ਰਬੰਧਕੀ ਅਫਸਰ; ਬਲਵੰਤ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ।
ਇਸ ਸਿਹਤ ਮੇਲੇ ਵਿੱਚ ਸਿਹਤ ਸਕੀਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਵੱਖ ਵੱਖ ਰੋਗਾਂ ਦੇ ਮਾਹਰਾਂ ਵੱਲੋਂ ਲੋਕਾਂ ਦੀ ਸਿਹਤ ਜਾਂਚ ਬਿਲਕੁਲ ਮੁਫ਼ਤ ਕੀਤੀ ਗਈ ਅਤੇ ਨਾਲੋ ਨਾਲ ਲੋੜਵੰਦਾਂ ਦੇ ਮੁਫ਼ਤ ਐਕਸਰੇ ਵੀ ਕੀਤੇ ਗਏ। ਇਸ ਮੌਕੇ ਲੋੜਵੰਦ ਲਾਭਪਾਤਰੀਆਂ ਦੀ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ। ਸਮਾਜ ਸੇਵੀ ਸੰਸਥਾਵਾਂ ਅਤੇ ਬਲੱਡ ਬੈਂਕ ਸਿਵਲ ਹਸਪਤਾਲ ਬਠਿੰਡਾ ਦੀ ਟੀਮ ਦੇ ਸਹਿਯੋਗ ਨਾਲ ਖੂਨਦਾਨ ਦਾ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਖੂਨਦਾਨੀਆਂ ਵੱਲੋਂ ਵੱਧ ਚਡ਼੍ਹ ਕੇ ਉਤਸ਼ਾਹ ਨਾਲ ਖੂਨਦਾਨ ਕੀਤਾ ਗਿਆ ।
ਸਿਹਤ ਮੇਲੇ ਵਿਚ ਮਮਤਾ ਫਾਊਂਡੇਸ਼ਨ ਵੱਲੋਂ ਨਵਜੋਤ ਕੌਰ ਦੀ ਅਗਵਾਈ ਹੇਠ ਸੌਰਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੋਵਿਡ 19 ਦੀ ਵੈਕਸੀਨੇਸ਼ਨ ਲਈ ਜਾਗਰੂਕ ਕਰਦਾ ਹੋਇਆ ਨੁੱਕੜ ਨਾਟਕ ਖੇਡਿਆ ਗਿਆ, ਜਿਸ ਦੀ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਕੀਤੀ ਗਈ ਅਤੇ ਨੁੱਕੜ ਨਾਟਕ ਟੀਮ ਨੂੰ ਨਕਦ ਇਨਾਮ ਵੀ ਦਿੱਤਾ ਗਿਆ।
ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਅਮਿਤ ਰਤਨ ਨੇ ਕਿਹਾ ਕਿ ਉਹ ਬਠਿੰਡਾ ਦਿਹਾਤੀ ਹਲਕੇ ਵਿਚ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਬਲਾਕ ਪੱਧਰੀ ਸਿਹਤ ਮੇਲੇ ਨੂੰ ਕਾਮਯਾਬ ਬਣਾਉਣ ਲਈ ਕਮਿਊਨਟੀ ਹੈਲਥ ਸੈਂਟਰ ਸੰਗਤ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਰਜਿੰਦਰ ਕੁਮਾਰ ਅਤੇ ਸਮੂਹ ਸਟਾਫ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ।
ਬਲਵੰਤ ਸਿੰਘ ਗਿੱਲ ਨੇ ਸੀ ਐਚ ਸੀ ਸੰਗਤ ਦੇ ਡਾਕਟਰ ਸਾਹਿਬਾਨ ਅਤੇ ਸਟਾਫ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਸਟਾਫ ਵੱਲੋਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਸਮੇਂ ਸਿਰ ਮੈਡੀਕਲ ਸਹਾਇਤਾ ਦੀ ਉਪਲੱਬਧਤਾ ਦੀ ਅਹਿਮੀਅਤ ਬਾਰੇ ਵਿਚਾਰ ਪੇਸ਼ ਕੀਤੇ।
ਸਬ ਡਿਵੀਜ਼ਨਲ ਹਸਪਤਾਲ ਘੁੱਦਾ ਤੋਂ ਪਹੁੰਚੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ ਇੰਦਰਜੀਤ ਕੌਰ ਖੁਰਾਣਾ ਨੇ ਇਸ ਮੌਕੇ ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਦੋਂ ਕਿ ਰਾਸ਼ਟਰੀ ਬਾਲ ਸੁਰੱਖਿਆ ਕਾਰਜਕਰਮ ਦੇ ਆਯੁਰਵੈਦਿਕ ਮੈਡੀਕਲ ਅਫਸਰ ਨਵਪ੍ਰੀਤ ਸਿੰਘ ਨੇ ਇਸ ਸਕੀਮ ਤਹਿਤ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੀਹ (30) ਬੀਮਾਰੀਆਂ ਵਿੱਚ ਦਿੱਤੀ ਜਾਣ ਵਾਲੀ ਮੁਫਤ ਮੈਡੀਕਲ ਸਹਾਇਤਾ ਬਾਰੇ ਜਾਣਕਾਰੀ ਦਿੱਤੀ।
ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਹੀਦ ਜੈਲਾ ਸਿੰਘ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਹੱਥ ਧੋਣ ਦੀ ਸਹੀ ਵਿਧੀ ਅਤੇ ਸੰਤੁਲਤ ਖੁਰਾਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਸਿਹਤ ਮੇਲੇ ਦੌਰਾਨ ਸਬ ਸੈਂਟਰ ਸੰਗਤ ਦੇ ਬਹੁ ਮੰਤਵੀ ਸਿਹਤ ਕਰਮਚਾਰਣ ਵੀਰਪਾਲ ਕੌਰ ਦਾ ਕੋਵਿਡ-19 ਵੈਕਸੀਨੇਸ਼ਨ ਲਈ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਹਿੱਤ ਸਿਹਤ ਵਿਭਾਗ ਸੰਗਤ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਸਿਹਤ ਮੇਲੇ ਦਾ ਮੰਚ ਸੰਚਾਲਨ ਆਈ ਈ ਸੀ ਨੋਡਲ ਅਫਸਰ ਬਲਾਕ ਸੰਗਤ; ਸਾਹਿਲ ਪੁਰੀ ਅਤੇ ਸੋਨਦੀਪ ਸਿੰਘ ਸੰਧੂ ਦੁਆਰਾ ਕੀਤਾ ਗਿਆ। ਮੇਲੇ ਦੇ ਕਾਰਜਾਂ ਨੂੰ ਵਧੀਆ ਤਰੀਕੇ ਨਾਲ ਸੰਪੂਰਨ ਕਰਨ ਲਈ ਡਾ ਰਮਨਦੀਪ ਕੌਰ ਸਮਾਘ,
ਬਹੁਮੰਤਵੀ ਸਿਹਤ ਨਿਰੀਖਕ ਓਮ ਪ੍ਰਕਾਸ਼ ਅਤੇ ਸੁਖਰਾਜ ਸਿੰਘ, ਬਹੁਮੰਤਵੀ ਸਿਹਤ ਕਰਮਚਾਰੀ ਪਰਮਿੰਦਰ ਸਿੰਘ, ਬੂਟਾ ਸਿੰਘ,ਵਕੀਲ ਸਿੰਘ, ਅਵਤਾਰ ਸਿੰਘ ਸੇਖੂ, ਅਵਤਾਰ ਸਿੰਘ ਮਹਿਤਾ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ,ਅਮਨਦੀਪ ਸ਼ਰਮਾ, ਰੇਡੀਓਗ੍ਰਾਫਰ ਜਗਰੂਪ ਸਿੰਘ ਵੱਲੋਂ ਸ਼ਲਾਘਾਯੋਗ ਕਾਰਜ ਕੀਤਾ ਗਿਆ ਅਤੇ ਸਮੂਹ ਸਟਾਫ ਦੇ ਸਮੁੱਚੇ ਯਤਨਾਂ ਨਾਲ ਇਹ ਮੇਲਾ ਆਪਣੇ ਪੱਧਰ ਉੱਪਰ ਬਹੁਤ ਯਾਦਗਾਰੀ ਹੋ ਨਿਬੜਿਆ।
Author: DISHA DARPAN
Journalism is all about headlines and deadlines.