ਸ੍ਰੀ ਮੁਕਤਸਰ ਸਾਹਿਬ,12 ਅਪ੍ਰੈਲ (ਗੁਰਪ੍ਰੀਤ ਚਹਿਲ) ਪਿਛਲੇ ਦਿਨੀਂ ਗਿੱਦੜਬਾਹਾ ਦੇ ਥਾਣਾ ਮੁਖੀ ਮਨਿੰਦਰ ਸਿੰਘ ਵੱਲੋਂ ਪੰਚਾਇਤ ਨਾਲ ਕਿਸੇ ਮਾਮਲੇ ਸਬੰਧੀ ਆਏ ਇੱਕ ਸਾਬਕਾ ਫੌਜੀ ਨਾਲ ਕੀਤੇ ਅਭੱਦਰ ਵਿਵਹਾਰ ਦਾ ਮੁੱਦਾ ਭਖਦਾ ਜਾ ਰਿਹਾ ਹੈ। ਜਿਸ ਸਬੰਧੀ ਰੋਸ ਪ੍ਰਦਰਸ਼ਨ ਕਰ ਰਹੇ ਸਾਬਕਾ ਸੈਨਿਕਾਂ ਤੋ ਕਾਰਵਾਈ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਇੱਕ ਹਫ਼ਤੇ ਦਾ ਹੋਰ ਸਮਾਂ ਮੰਗਿਆ ਹੈ।ਜਿਸ ਉੱਪਰ ਸਾਬਕਾ ਸੈਨਿਕਾਂ ਨੇ ਸਹਿਮਤੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਸੈਨਿਕ ਅਵਤਾਰ ਸਿੰਘ ਫੱਕਰਸਰ ਜੋ ਪਿੰਡ ਦੀ ਪੰਚਾਇਤ ਦਾ ਮੈਂਬਰ ਵੀ ਹੈ, ਪਿੰਡ ਦੇ ਕਿਸੇ ਝਗੜੇ ਸਬੰਧੀ ਥਾਣਾ ਗਿੱਦੜਬਾਹਾ ਆਇਆ ਸੀ। ਜਿਸ ਨਾਲ ਉਥੋਂ ਦੇ ਉਸ ਸਮੇਂ ਦੇ ਥਾਣਾ ਮੁਖੀ ਮਨਿੰਦਰ ਸਿੰਘ ਵੱਲੋਂ ਬੇਹੱਦ ਮਾੜਾ ਵਿਵਹਾਰ ਕੀਤਾ ਗਿਆ।ਇਥੋਂ ਤੱਕ ਕਿ ਇਸ ਭੂਤਰੇ ਥਾਣੇਦਾਰ ਨੇ ਪੰਚਾਇਤ ਦੀ ਮੌਜੂਦਗੀ ਵਿੱਚ ਫੌਜੀਆਂ ਦੇ ਬੱਚਿਆਂ ਦੇ ਡੀ ਐਨ ਏ ਉੱਤੇ ਵੀ ਸਵਾਲ ਚੁੱਕੇ। ਇਸ ਬਾਬਤ ਜਦੋਂ ਸਾਬਕਾ ਸੈਨਿਕਾਂ ਦੀ ਜਥੇਬੰਦੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਆਪਣੀ ਪੂਰੀ ਜਥੇਬੰਦੀ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ,ਦੱਸ ਦੇਈਏ ਕਿ ਇਸ ਧਰਨੇ ਵਿੱਚ ਕਰੀਬ 12ਹਜ਼ਾਰ ਸੈਨਿਕਾਂ ਦਾ ਇੱਕਠ ਹੋਇਆ। ਆਖਿਰ ਮੁਕਤਸਰ ਦੇ ਡਿਪਟੀ ਕਮਿਸ਼ਨਰ ਨੇ ਉਕਤ ਥਾਣੇਦਾਰ ਖਿਲਾਫ ਜਾਂਚ ਕਰਨ ਲਈ 11 ਅਪ੍ਰੈਲ ਤੱਕ ਦਾ ਸਮਾਂ ਮੰਗਿਆ। ਅੱਜ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਹਨਾ ਸੈਨਿਕਾਂ ਨੇ ਦੱਸਿਆ ਕਿ ਕਿਉਂ ਕਿ ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਸਾਹਬ ਦੇ ਤਬਾਦਲੇ ਹੋ ਚੁੱਕੇ ਹਨ ਇਸ ਲਈ ਨਵੇਂ ਆਏ ਡੀ ਸੀ ਸਾਹਿਬ ਵੱਲੋਂ ਮੁੜ ਪੜਤਾਲ ਲਈ ਇੱਕ ਹਫ਼ਤੇ ਦਾ ਹੋਰ ਸਮਾਂ ਮੰਗਿਆ ਗਿਆ ਹੈ। ਸੈਨਿਕ ਜਥੇਬੰਦੀ ਨੇ ਕਿਹਾ ਕਿ ਅਸੀਂ ਪ੍ਰਸ਼ਾਸ਼ਨ ਦਾ ਸਾਥ ਦੇਣ ਵਾਲੇ ਨਾਗਰਿਕ ਹਾਂ ਅਤੇ ਪ੍ਰਸ਼ਾਸ਼ਨ ਨੂੰ ਹੋਰ ਸਮਾਂ ਦੇਣ ਦੇ ਨਾਲ ਨਾਲ ਚੇਤਾਵਨੀ ਵੀ ਦੇਣਾ ਚਾਹੁੰਦੇ ਹਾਂ ਕਿ ਜੇਕਰ ਨਿਸ਼ਚਿਤ ਸਮੇਂ ਅੰਦਰ ਸਾਨੂੰ ਇੰਨਸਾਫ ਨਾ ਮਿਲਿਆ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।
Author: DISHA DARPAN
Journalism is all about headlines and deadlines.