ਖਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਦਮਦਮਾ ਸਾਹਿਬ ਵਿਖੇ ਕੀਤੀ ਰਾਜਸੀ ਕਾਨਫਰੰਸ।
ਤਲਵੰਡੀ ਸਾਬੋ, 14 ਅਪ੍ਰੈਲ (ਰੇਸ਼ਮ ਸਿੱਧੂ)- ਖਾਲਸਾ ਸਾਜਨਾ ਦਿਵਸ ‘ਵਿਸਾਖੀ’ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਜਾਏ ਗਏ ਜੋੜ ਮੇਲੇ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਤਖਤ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਰਾਜਸੀ ਕਾਨਫਰੰਸ ਕਰਦਿਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਪੰਥ ਅਤੇ ਪੰਜਾਬ ਦੇ ਮਸਲਿਆਂ ਤੇ ਮੁੜ ਡਟ ਜਾਣ ਦਾ ਸੱਦਾ ਦਿੱਤਾ ਉੱਥੇ ਉਨਾਂ ਨੇ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਤ ਕਾਂਗਰਸ ਅਤੇ ਕੇਂਦਰ ਦੀ ਭਾਜਪਾ ਸਰਕਾਰ ਤੇ ਵੀ ਰੱਜ ਕੇ ਹੱਲ ਬੋਲੇ। ਰੈਲੀ ਦੀ ਆਰੰਭਤਾ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਪੁੱਜੇ ਆਗੂ ਸਾਹਿਬਾਨ ਅਤੇ ਸੰਗਤਾਂ ਨੂੰ ਜੀ ਆਇਆਂ ਕਿਹਾ। ਆਪਣੇ ਸੰਬੋਧਨ ਵਿੱਚ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਤੇ ਚੰਡੀਗੜ੍ਹ ਉੱਪਰ ਕਬਜ਼ਾ ਕਰਨ ਦੀ ਮੰਸ਼ਾ ਨਾਲ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਦੇ ਦੋਸ਼ ਲਗਾਏ। ਉਨਾਂ ਕਿਹਾ ਕਿ ਇਸ ਗੰਭੀਰ ਮਸਲੇ ਤੇ ਆਪ’ ਸਰਕਾਰ ਅਤੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਵੀ ਪੂਰੀ ਚੁੱਪੀ ਧਾਰੀ ਰੱਖੀ ਜੋ ਸ਼ਰਮਨਾਕ ਹੈ ਜਦੋਂਕਿ ਉਨਾਂ ਇਹ ਮਸਲਾ ਜ਼ੋਰ ਸ਼ੋਰ ਨਾਲ ਸੰਸਦ ਵਿੱਚ ਉਠਾਇਆ। ਉਨਾਂ ਇਸ ਮੌਕੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੂੰ ਲੋਕਾਂ ਨੇ ਵੱਡਾ ਫਤਵਾ ਦਿੱਤਾ ਹੈ ਇਸਲਈ ਉਹ ਦਿੱਲੀ ਅੱਗੇ ਗੋਡੇ ਟੇਕਣ ਦੀ ਵਜਾਏ ਪੰਜਾਬ ਦੇ ਹਿਤਾਂ ਦੀ ਰਾਖੀ ਕਰੇ।ਇਸ ਮੌਕੇ ਸੰਬੋਧਨ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਹੋਵੇ ਜਾਂ ਵਿਦੇਸ਼ ਸਿੱਖਾਂ ਤੇ ਜਦੋਂ ਵੀ ਭੀੜ ਬਣੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਆਵਾਜ਼ ਬਣਿਆ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਨਹੀ ਸਗੋਂ ਸਮੁੱਚੀ ਸਿੱਖ ਕੌਮ ਦੀ ਜਾਇਦਾਦ ਹੈ ਪ੍ਰੰਤੂ ਕੁਝ ਏਜੰਸੀਆਂ ਚਾਹੁੰਦੀਆਂ ਹਨ ਕਿ ਪੰਥ ਦੀਆਂ ਜਾਇਦਾਦਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੇਰੂ ਖੇਰੂੰ ਕਰ ਦਿੱਤਾ ਜਾਵੇ। ਉਨਾਂ ਦੋਸ਼ ਲਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਬਾਅਦ ਹੁਣ ਕੇਂਦਰ ਸ਼੍ਰੋਮਣੀ ਕਮੇਟੀ ਤੇ ਕਾਬਿਜ਼ ਹੋਣ ਦੀ ਕੋਸ਼ਿਸ ਵਿੱਚ ਹੈ ਪਰ ਸਿੱਖ ਅਜਿਹਾ ਨਹੀ ਹੋਣ ਦੇਣਗੇ। ਆਮ ਆਦਮੀ ਪਾਰਟੀ ਤੇ ਹੱਲ ਬੋਲਦਿਆਂ ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ ਪ੍ਰੰਤੂ ਸ਼ਰਮਨਾਕ ਗੱਲ ਹੈ ਕਿ ਸਰਕਾਰ ਨੂੰ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਲਾ ਰਿਹਾ ਹੈ ਅਤੇ ਪਿਛਲੇ ਦਿਨੀਂ ਕੇਜਰੀਵਾਲ ਵੱਲੋਂ ਅਫਸਰਾਂ ਦੀ ਦਿੱਲੀ ਚ ਬੁਲਾਈ ਮੀਟਿੰਗ ਇਸਦਾ ਸਬੂਤ ਹੈ। ਉਨਾਂ ਦੋਸ਼ ਲਾਇਆ ਕਿ ਜਿੱਥੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਤੇ ‘ਆਪ’ ਦੂਜੇ ਸੂਬਿਆਂ ਚ ਚੋਣ ਪ੍ਰਚਾਰ ਕਰ ਰਹੀ ਹੈ ਉੱਥੇ ਪੰਜਾਬ ਪੁਲਿਸ ਦੇ 90 ਕਮਾਂਡੋ ਦਿੱਲੀ ਦੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਕਰ ਦਿੱਤੇ ਗਏ ਹਨ। ਉਨਾਂ ਦੋਸ਼ ਲਾਇਆ ਕਿ ‘ਆਪ’ ਨੇ 50-50 ਕਰੋੜ ਰੁਪਏ ਲੈ ਕੇ ਰਾਜ ਸਭਾ ਮੈਂਬਰ ਬਣਾਏ ਜੋ ਪੰਜਾਬ ਦੇ ਮੁੱਦਿਆਂ ਤੇ ਬੋਲਦੇ ਹੀ ਨਹੀ ਕੀ ਇਹ ਬਦਲਾਅ ਹੈ।ਉਨਾਂ ਨੇ ਵਰਕਰਾਂ ਨੂੰ ਦੋਬਾਰਾ ਹੌਂਸਲੇ ਨਾਲ ਪੰਜਾਬ ਦੇ ਹਿੱਤਾਂ ਲਈ ਡਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਬਹੁਤ ਜਲਦ ਅਕਾਲੀ ਦਲ ਫਿਰ ਵੱਡੀ ਰਾਜਸੀ ਤਾਕਤ ਬਣ ਕੇ ਉੱਭਰੇਗਾ। ਰੈਲੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ,ਜਗਮੀਤ ਸਿੰਘ ਬਰਾੜ ਸਾਬਕਾ ਸੰਸਦ ਮੈਂਬਰ, ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਦਿਲਰਾਜ ਸਿੰਘ ਭੂੰਦੜ ਅਤੇ ਪ੍ਰਕਾਸ਼ ਸਿੰਘ ਭੱਟੀ ਦੋਵੇਂ ਸਾਬਕਾ ਵਿਧਾਇਕ, ਤੇਜਿੰਦਰ ਸਿੰਘ ਮਿਡੂੱਖੇੜਾ ਅਤੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ ਜਦੋਂਕਿ ਇਸ ਮੌਕੇ ਭਾਈ ਜਗਸੀਰ ਸਿੰਘ ਮਾਂਗੇਆਣਾ, ਸੁਰਜੀਤ ਸਿੰਘ ਰਾਏਪੁਰ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਅਵਤਾਰ ਸਿੰਘ ਬਣਵਾਲਾ ਮੈਂਬਰ ਧਰਮ ਪ੍ਰਚਾਰ, ਜਗਸੀਰ ਸਿੰਘ ਜੱਗਾ ਕਲਿਆਣ, ਸੀ.ਆਗੂ ਮੋਹਿਤ ਗੁਪਤਾ ਅਤੇ ਗੁਰਬਾਜ਼ ਸਿੰਘ ਸਿੱਧੂ ਆਦਿ ਮੌਜੂਦ ਸਨ। ਸਟੇਜ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮੋਹਣ ਸਿੰਘ ਬੰਗੀ ਨੇ ਬਾਖੂਬੀ ਨਿਭਾਈ। ਇਸ ਮੌਕੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਬੀਬਾ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕੀਤਾ ਜਦੋਂਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਭਾਈ ਧਾਮੀ ਨੂੰ ਸਨਮਾਨਿਤ ਕੀਤਾ।
Author: DISHA DARPAN
Journalism is all about headlines and deadlines.