ਸੰਗਤ ਮੰਡੀ- 4 ਅਪ੍ਰੈਲ(ਪੱਤਰ ਪ੍ਰੇਰਕ)ਨੌਜਵਾਨ ਭਾਰਤ ਸਭਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਘੁੱਦਾ ਵਿੱਚ ਸਰਗਰਮ ਕਾਰਕੁੰਨਾਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਬ-ਡਵੀਜ਼ਨ ਹਸਪਤਾਲ ਘੁੱਦਾ ਡਾਕਟਰਾਂ ਨਰਸਾਂ ਅਤੇ ਫਾਰਮਾਸਿਸਟ ਦਰਜਾ ਚਾਰ ਮੁਲਾਜ਼ਮਾਂ,ਦਵਾਈਆਂ ਤੇ ਹੋਰ ਲੋੜੀਂਦੇ ਸਾਜ਼ੋ-ਸਾਮਾਨ ਸੰਬੰਧੀ ਵਿਚਾਰ ਕੀਤਾ ਗਿਆ ਅਤੇ ਇਹਨਾਂ ਸਮੱਸਿਆਵਾਂ ਸੰਬੰਧੀ ਅਗਲੇ ਦਿਨਾਂ ਵਿੱਚ ਹਲਕਾ ਇੰਚਾਰਜ ਨੂੰ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਅਤੇ ਬੀਕੇਯੂ ਉਗਰਾਹਾਂ ਦੇ ਆਗੂ ਅਜੇਪਾਲ ਘੁੱਦਾ ਨੇ ਕਿਹਾ ਕਿ ਸਬ-ਡਵੀਜ਼ਨ ਹਸਪਤਾਲ ਘੁੱਦਾ ਇਲਾਕੇ ਦਾ ਵੱਡਾ ਹਸਪਤਾਲ ਹੈ ਜਿਸ ਵਿੱਚ ਪੂਰੇ ਇਲਾਕੇ ਦੇ ਲੋਕ ਸਿਹਤ ਸੇਵਾਵਾਂ ਲੈਣ ਲਈ ਪਹੁੰਚ ਕਰਦੇ ਹਨ। ਜਿਸ ਦੀ ਰੋਜ਼ਾਨਾ ਦੀ ਉਹ ਓਪੀਡੀ 400 ਦੇ ਲੱਗਭਗ ਹੈ ਪਰ ਇਸ ਹਸਪਤਾਲ ਵਿੱਚ ਸਟਾਫ਼ ਤੇ ਹੋਰ ਸਾਜ਼ੋ-ਸਾਮਾਨ ਦੀ ਭਾਰੀ ਕਮੀ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੀਆਂ 75 ਅਸਾਮੀਆਂ ਹਨ 26 ਅਸਾਮੀਆ ਭਰੀਆਂ ਹੋਈਆਂ ਹਨ ਜਦੋਂ ਕਿ ਇਨ੍ਹਾਂ 49 ਅਸਾਮੀਆਂ ਪੂਰੀ ਤਰਾਂ ਖਾਲੀ ਹਨ, ਜਿਸ ਕਾਰਨ ਹਸਪਤਾਲ ਦਾ ਕੰਮਕਾਜ ਪ੍ਰਭਾਵ ਹੁੰਦਾ ਹੈ, ਉਨ੍ਹਾਂ ਕਿਹਾ ਕਿ ਐਮਰਜੈਂਸੀ ਨੂੰ ਚਲਾਉਣ ਦੇ ਲਈ ਐਮਬੀਬੀਐਸ ਡਾਕਟਰਾਂ ਦੀ ਜ਼ਰੂਰਤ ਹੈ। ਸਟਾਫ਼ ਨਰਸਾਂ ਦੀਆਂ 10 ਰੈਗੂਲਰ ਅਸਾਮੀਆਂ ‘ਚੋ 10 ਹੀ ਖ਼ਾਲੀ ਹਨ। ਵਿਭਾਗ ਵੱਲੋਂ ਡਾਕਟਰਾਂ ਦੀ ਵਾਰ-ਵਾਰ ਮੰਗ ਉੱਪਰ ਵੀ ਦਵਾਈਆਂ ਨਹੀਂ ਮੁਹੱਈਆ ਕਰਵਾਈਆਂ ਜਾਂਦੀਆਂ। ਹਸਪਤਾਲ ਦੀ ਲੈਬ ਵਿੱਚ ਪਹਿਲਾਂ ਥਾਇਰਡ ਦਾ ਟੈਸਟ ਕੀਤਾ ਜਾਂਦਾ ਸੀ ਪ੍ਰੰਤੂ ਹੁਣ ਸਮਾਨ ਦੀ ਘਾਟ ਕਾਰਨ ਉਹ ਵੀ ਬੰਦ ਹੈ। 24×7 ਹਸਪਤਾਲ ਵਿੱਚ ਲੈਬ ਨੂੰ ਚਲਾਉਣ ਲਈ 2 ਹੋਰ ਲੈਬ ਟੈਕਨੀਸ਼ੀਅਨ ਦੀ ਲੋੜ ਹੈ। ਇਹੋ ਹਾਲ ਹੈ ਐਕਸਰੇ ਵਿਭਾਗ ਦਾ ਹੈ, ਹਸਪਤਾਲ ਵਿੱਚ ਰੋਜ਼ਾਨਾ ਵੱਡੀ ਪੱਧਰ ‘ਤੇ ਐਕਸਰੇ ਹੁੰਦੇ ਹਨ ਪ੍ਰੰਤੂ 1 ਹੀ ਰੇਡੀਓਗ੍ਰਾਫ ਹੋਣ ਕਾਰਨ ਹੋਰ ਐਕਸਰੇ ਹੋਣ ਵਿੱਚ ਦਿੱਕਤ ਆਉਦੀ ਹੈ। ਐਮਰਜੈਂਸੀ ਵਿੱਚ ਸਟਾਫ਼ ਦੇ ਵਰਤਣ ਲਈ ਹੱਥ ਵਾਲੇ ਦਸਤਾਨੇ ਵੀ ਮੌਜੂਦ ਨਹੀਂ ਹਨ,ਇਸ ਹਸਪਤਾਲ ਵਿਚ ਔਰਤਾਂ ਰੋਗਾਂ ਦੇ ਡਾਕਟਰਾਂਕੋਲ ਵੱਡੀ ਗਿਣਤੀ ਵਿਚ ਮਰੀਜ਼ ਆਉਂਦੇ ਹਨ, ਪ੍ਰੰਤੂ ਹਸਪਤਾਲ ਵਿੱਚ ਅਲਟਰਾਂਸਾਉਂਡ ਮਸ਼ੀਨ ਦਾ ਪ੍ਰਬੰਧ ਨਾ ਹੋਣ ਕਰਕੇ ਸਕੈਨ ਲਈ ਬਠਿੰਡਾ ਸ਼ਹਿਰ ਜਾਣਾ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਵੱਲੋਂ ਸਿਹਤ ਦੇ ਖੇਤਰ ਵਿੱਚ ਅਹਿਮ ਕਦਮ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ।16000 ਮੁਹੱਲਾ ਕਲੀਨਿਕ ਖੋਲ੍ਹਣ ਦੇ ਬਿਆਨ ਆ ਰਹੇ ਹਨ ਉਨ੍ਹਾਂ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਇਸ ਤਰ੍ਹਾਂ ਦੇ ਕਦਮ ਚੁੱਕਣਾ ਚੰਗੀ ਗੱਲ ਹੈ। ਪਰ ਨਾਲ ਹੀ ਪਹਿਲਾਂ ਤੋਂ ਚਲ ਰਹੇ ਸਿਹਤ ਕੇਂਦਰਾਂ ਵਿੱਚ ਅਸਾਮੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਕੀਤੀ ਜਾਵੇ। ਹਸਪਤਾਲਾਂ ਦੇ ਵਿੱਚ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ, ਇਸ ਸੰਬੰਧੀ ਸਿਹਤ ਨੀਤੀ ਬਣਾਈ ਅਤੇ ਲਾਗੂ ਕੀਤੀ ਜਾਵੇ ਇਨ੍ਹਾਂ ਮੰਗਾਂ ਸਬੰਧੀ ਆਉਂਦੇ ਦਿਨਾਂ ਵਿੱਚ ਹਲਕਾ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਜਾਵੇਗਾ।ਇਸ ਮੌਕੇ ਅਮਰੀਕ ਸਿੰਘ, ਹਰਭਜਨ ਸਿੰਘ, ਰਣਦੀਪ ਸਿੰਘ, ਮੰਗਾਂ ਸ਼ਰਮਾ, ਰਿੰਕੂ ਸਿੰਘ ਅਤੇ ਰਾਮ ਪੰਡਿਤ ਆਦਿ ਕਿਸਾਨ ਮੌਜੂਦ ਸਨ।
Author: DISHA DARPAN
Journalism is all about headlines and deadlines.