ਤਲਵੰਡੀ ਸਾਬੋ 09 ਫਰਵਰੀ (ਰੇਸ਼ਮ ਸਿੰਘ ਦਾਦੂ) ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਚ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ।ਜਿੱਥੇ ਸਾਰੀਆਂ ਸਿਆਸੀ ਧਿਰਾਂ ਦੇ ਉਮੀਦਵਾਰ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਚੁੱਕੇ ਹਨ ਉੱਥੇ ਪਿੰਡਾਂ ਵਿੱਚ ਐਂਤਕੀ ‘ਤੱਕੜੀ’ ਦਾ ਜਲਵਾ ਦਿਖਾਈ ਦੇ ਰਿਹਾ ਹੈ ਅਤੇ ਅਕਾਲੀ ਬਸਪਾ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੇ ਹੱਕ ਵਿੱਚ ਹੋ ਰਹੀਆਂ ਵਿਸ਼ਾਲ ਜਨਸਭਾਵਾਂ ਕਈ ਕਿਸਮ ਦੇ ਸਮੀਕਰਨ ਬਦਲਣ ਦੇ ਸੰਕੇਤ ਦੇ ਰਹੀਆਂ ਹਨ।ਅੱਜ ਅੱਧੀ ਦਰਜ਼ਨ ਪਿੰਡਾਂ ਵਿੱਚ ਲੋਕਾਂ ਦੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਦੌਰਾਨ ਅਕਾਲੀ ਬਸਪਾ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵਿਰੋਧੀ ਉਮੀਦਵਾਰਾਂ ਕੋਲ ਹੁਣ ਉਨਾਂ ਵਿਰੁੱਧ ਬੋਲਣ ਲਈ ਕੁਝ ਨਹੀ ਰਹਿ ਗਿਆ ਕਿਉਂਕਿ ਹਲਕੇ ਦੇ ਲੋਕ ਪਿਛਲੇ 26 ਸਾਲ੍ਹਾਂ ਵਿੱਚ ਮੇਰੇ ਬਾਰੇ ਸਾਰਾ ਕੁਝ ਜਾਣ ਚੁੱਕੇ ਹਨ ਅਤੇ ਉਹ ਵਿਰੋਧੀਆਂ ਦੀ ਕਿਸੇ ਵੀ ਗੱਲ ਨੂੰ ਸੁਨਣ ਤੋਂ ਪਹਿਲਾਂ ਝਾਤੀ ਮਾਰ ਲੈਂਦੇ ਹਨ ਕਿ ਸੱਚ ਕੀ ਹੈ ਅਤੇ ਝੂਠ ਕੀ।ਉਨਾਂ ਕਿਹਾ ਕਿ ਇਸ ਵਾਰ ਜ਼ਰੂਰੀ ਹੈ ਕਿ ਉਨਾਂ ਉਮੀਦਵਾਰਾਂ ਨੂੰ ਸਬਕ ਸਿਖਾ ਦਿੱਤਾ ਜਾਵੇ ਜਿਨ੍ਹਾਂ ਨੇ ਜਿੱਤ ਕੇ ਹਲਕੇ ਦੇ ਲੋਕਾਂ ਦੇ ਹੱਕ ਵਿੱਚ ਕਦੇ ਹਾਅ ਦਾ ਨਾਅਰਾ ਵੀ ਨਾ ਮਾਰਿਆ ਹੋਵੇ,ਜਿਨ੍ਹਾਂ ਨੇ ਹਲਕੇ ਦੇ ਨੌਜਵਾਨਾਂ ਨੂੰ ਗੁੰਡਾਗਰਦੀ ਦੇ ਰਾਸਤੇ ਤੋਰਨ ਦੀ ਕੋਸ਼ਿਸ ਕਰਦਿਆਂ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਧਮਕਾਉਣ ਵਿੱਚ ਕੋਈ ਕਸਰ ਨਾ ਛੱਡੀ ਹੋਵੇ ਤਾਂ ਜਾਂ ਫਿਰ ਉਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਜੋ ਆਪਣੀ ਕੁਰਸੀ ਲਈ ਹਲਕਿਆਂ ਨੂੰ ਬਦਲਦੇ ਰਹੇ ਅਤੇ ਅੱਠ ਸਾਲਾਂ ਬਾਅਦ ਜਿਸਨੂੰ ਹਲਕੇ ਨਾਲ ਫੋਕਾ ਮੋਹ ਜਾਗ ਪਿਆ ਹੋਵੇ।ਉਨਾਂ ਨੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡਾਂ ਹਾਂ ਅਤੇ ਹਮੇਸ਼ਾਂ ਇਸੇ ਹਲਕੇ ਵਿੱਚ ਰਹਾਂਗਾ ਅੱਗੇ ਫੈਸਲਾ ਤੁਸੀਂ ਕਰਨਾ ਹੈ ਕਿ ਆਪਣੇ ਨੂੰ ਚੁਨਣਾ ਹੈ ਜਾਂ ਗੇੜਾ ਵੀ ਨਾ ਮਾਰਣ ਵਾਲਿਆਂ ਨੂੰ।ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਸਿੱਧੂ ਯਕੀਨ ਦਵਾਇਆ ਕਿ ਐਂਤਕੀ ਵੱਡੀ ਲੀਡ ਨਾਲ ਜਿਤਾ ਕੇ ਭੇਜਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਅਤੇ ਬਸਪਾ ਵਰਕਰ ਹਾਜਰ ਸਨ।
Author: DISHA DARPAN
Journalism is all about headlines and deadlines.