ਬਠਿੰਡਾ, 08 ਜਨਵਰੀ 2024 ( ਰਾਵਤ )- ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਵਲੋਂ ਹਾੜ੍ਹੀ ਦੀਆਂ ਫਸਲਾਂ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸਥਾਨਕ ਖੇਤੀ ਭਵਨ ਵਿਖੇ ਪਲੇਠੀ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸਾਨੀ ਹਿੱਤ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਇੱਕ ਟੀਮ ਦੇ ਤੌਰ ਤੇ ਕੰਮ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਜ਼ਿਲ੍ਹੇ ਨੂੰ ਖੇਤੀ ਖੇਤਰ ਵਿੱਚ ਤਰੱਕੀ ਦੀਆਂ ਲੀਹਾਂ ਤੇ ਲਿਜਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਸਿਖਲਾਈ ਅਫਸਰ ਡਾ. ਸਰਵਣ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਖੇਤੀਬਾੜੀ ਗਣਨਾ ਸਾਲ 2021-22 ਦੇ ਚੱਲ ਰਹੇ ਕੰਮ ਦਾ ਰਿਵਿਊ ਕਰਦਿਆਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਕਿਸਮ ਦੇ ਖਾਦ ਅਤੇ ਕੀਟਨਾਸ਼ਕ ਮੁਹੱਈਆ ਕਰਵਾਏ ਜਾਣ ਅਤੇ ਇਨ੍ਹਾਂ ਦੇ ਸੈਂਪਲ ਡਰਾਅ ਕਰਕੇ ਲੈਬੋਟਰੀਆਂ ਨੂੰ ਟੈਸਟ ਕਰਨ ਲਈ ਭੇਜੇ ਜਾਣ ਤਾਂ ਜੋ ਕਿਸਾਨਾਂ ਨੂੰ ਚੰਗੀ ਕਿਸਮ ਦੇ ਖਾਦ ਅਤੇ ਕੀਟਨਾਸ਼ਕ ਮੁਹੱਈਆ ਕਰਵਾਏ ਜਾਣ ਅਤੇ ਫੇਲ੍ਹ ਹੋਏ ਸੈਂਪਲਾਂ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਆਰੰਭ ਕੀਤੀ ਜਾਵੇ। ਇਸ ਦੌਰਾਨ ਡਾ. ਸਰਵਣ ਸਿੰਘ ਨੇ ਜ਼ਿਲ੍ਹੇ ਅੰਦਰ ਮਹੀਨਾ ਜਨਵਰੀ ਸਾਲ 2024 ਦੌਰਾਨ ਲਗਾਏ ਜਾ ਰਹੇ ਬਲਾਕ/ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪਾਂ ਸਬੰਧੀ ਲਿਸਟ ਸਾਂਝੀ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਦੀ ਇਨ੍ਹਾਂ ਕੈਪਾਂ ਵਿੱਚ ਸ਼ਮੂਲੀਅਤ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਸਹਾਇਕ ਵਿਭਾਗਾਂ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਵੀ ਕਰਵਾਈ ਜਾਂਦੀ ਹੈ ਤਾਂ ਜੋ ਕਿਸਾਨ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਤੋਂ ਵੀ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ ਡਾ. ਗਿੱਲ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਲੱਗ ਰਹੇ ਕਿਸਾਨ ਸਿਖਲਾਈ ਕੈਂਪਾਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨਨਿਧੀ ਸਕੀਮ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਵੱਧ ਤੋਂ ਵੱਧ ਕਿਸਾਨਾਂ ਦੀ ਈਕੇਵਾਈਸੀ ਮੌਕੇ ਤੇ ਹੀ ਕੀਤੀ ਜਾਵੇ। ਉਨ੍ਹਾਂ ਵਲੋਂ ਆਤਮਾ ਸਕੀਮ ਦੇ ਸਾਲ 2024-25 ਦੇ ਜ਼ਿਲ੍ਹਾ ਐਕਸ਼ਨ ਪਲਾਨ ਤਿਆਰ ਕਰਨ ਲਈ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੈਂਪਾਂ ਰਾਹੀਂ ਦੱਸਿਆ ਜਾਵੇ ਕਿ ਤਾਪਮਾਨ ਘਟਣ ਨਾਲ ਕਣਕ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਘਟ ਗਿਆ ਹੈ ਜਿਸ ਕਰਕੇ ਸਪਰੇਅ ਦੀ ਲੋੜ ਨਹੀਂ ਹੈ।
Author: DISHA DARPAN
Journalism is all about headlines and deadlines.