ਲੁਧਿਆਣਾ, 06 ਜਨਵਰੀ 2024 ( ਰਾਵਤ )-ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾ ਅਨੁਸਾਰ ਕਿੰਨਰ (ਟਰਾਂਸਜੈਂਡਰ) ਸਮਾਜ ਲਈ ਤਰੱਕੀ ਦੇ ਰਾਹ ਖੋਲਣ ਲਈ ਰੋਜ਼ਗਾਰ ਸਹਾਇਤਾ ਦੇ ਤੌਰ ਤੇ ਜਿਲ੍ਹਾ ਬਿਊਰੋ ਆਫ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫਤਰ, ਲੁਧਿਆਣਾ ਵੱਲੋਂ 09 ਜਨਵਰੀ (ਮੰਗਲਵਾਰ) ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਸੰਗੀਤ ਸਿਨੇਮਾ, ਪ੍ਰਤਾਪ ਚੌਂਕ, ਲੁਧਿਆਣਾ ਵਿਖੇ ਜਾਗਰੁਕਤਾ ਕੈਂਪ ਲਗਾਇਆ ਜਾ ਰਿਹਾ ਹੈ।ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇਸ ਜਾਗਰੂਕਤਾ ਕੈਂਪ ਦਾ ਸਮਾਂ ਸਵੇਰੇ 12:00 ਵਜੇ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਮੌਕੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿੰਨਰ ਭਾਈਚਾਰੇ ਦੀ ਰੁਚੀ ਦੇ ਮੁਤਾਬਿਕ ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ (PSDM) ਵੱਲੋਂ ਸਕਿੱਲ ਕੋਰਸ ਦੇ ਮੌਕੇ ਪ੍ਰਦਾਨ ਕਰਨ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਇਸ ਜਾਗਰੂਕਤਾ ਕੈਂਪ ਰਾਹੀਂ ਕਿੰਨਰ ਸਮਾਜ ਦਾ ਮਿਆਰ ‘ਤੇ ਚੁੱਕਣ ਲਈ ਰੋਜ਼ਗਾਰ ਦੇ ਮੌਕੇ ਦਿੱਤੇ ਜਾਣ ਦੇ ਉਪਰਾਲੇ ਕੀਤੇ ਜਾਣੇ ਹਨ। ਇਨ੍ਹਾਂ ਮੁਫਤ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਇਸ ਦਫਤਰ ਦੇ ਹੈਲਪਲਾਇਨ ਨੰ: 77400-01682 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Author: DISHA DARPAN
Journalism is all about headlines and deadlines.