ਬਠਿੰਡਾ, 11ਮਈ (ਗੁਰਪ੍ਰੀਤ ਚਹਿਲ)
ਅੱਜ ਮੁਹੱਲਾ ਹਾਜ਼ੀ ਰਤਨ ,ਬਾਬਾ ਦੀਪ ਸਿੰਘ ਨਗਰ ਅਤੇ ਬਲਰਾਜ ਨਗਰ ਦੇ ਵਾਸੀਆਂ ਵੱਲੋਂ ਦਸਤਖ਼ਤ ਕੀਤਾ ਇੱਕ ਬੇਨਤੀ ਪੱਤਰ ਇਹਨਾ ਮੁਹੱਲਿਆਂ ਦੇ ਮੋਹਤਵਰ ਵਿਅਕਤੀਆਂ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਬਠਿੰਡਾ ਨੂੰ ਸੌਂਪਿਆ ਗਿਆ ਜਿਸ ਵਿੱਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਬੰਦ ਪਏ ਸਰਕਾਰੀ ਹਸਪਤਾਲ ਦੇ ਇੱਕ ਗੇਟ ਨੂੰ ਖੋਲਣ ਲਈ ਬੇਨਤੀ ਕੀਤੀ ਗਈ।ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਕਰੀਬ ਪੰਜ ਬਸਤੀਆਂ ਜਿੰਨਾ ਵਿੱਚ ਹਾਜ਼ੀ ਰਤਨ, ਬਾਬਾ ਦੀਪ ਸਿੰਘ ਨਗਰ, ਬਲਰਾਜ ਨਗਰ, ਊਧਮ ਸਿੰਘ ਨਗਰ, ਕ੍ਰਿਸ਼ਨਾ ਕਲੋਨੀ ਆਦਿ ਦੇ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ ਬਠਿੰਡਾ ਡੱਬਵਾਲ਼ੀ ਲਿੰਕ ਰੋਡ ਉੱਤੇ ਇੱਕ ਗੇਟ ਬਣਵਾਇਆ ਗਿਆ ਸੀ ਜਿਸ ਕਰਕੇ ਕਿਸੇ ਵੀ ਐਮਰਜੈਂਸੀ ਸਮੇਂ ਹਸਪਤਾਲ ਆਉਣ ਜਾਣ ਲਈ ਕਾਫੀ ਸੌਖ ਹੋ ਗਈ ਸੀ। ਪਰ ਪਿਛਲੇ ਕਰੀਬ ਇੱਕ ਮਹੀਨੇ ਤੋਂ ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਗੇਟ ਨੂੰ ਕਿਸੇ ਮਾਮੂਲੀ ਕਾਰਨਾ ਕਰਕੇ ਬੰਦ ਕਰ ਦਿੱਤਾ ਗਿਆ ਸੀ ਜਿਸਨੂੰ ਲੈਕੇ ਇਹਨਾ ਮੁਹੱਲਾ ਨਿਵਾਸੀਆਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨੀਂ ਇਹ ਮੁੱਦਾ ਕਈ ਅਖ਼ਬਾਰਾਂ ਦੀ ਸੁਰਖੀ ਵੀ ਬਣਦਾ ਰਿਹਾ ਹੈ। ਅੱਜ ਮੁਹੱਲਾ ਹਾਜ਼ੀ ਰਤਨ, ਬਾਬਾ ਦੀਪ ਸਿੰਘ ਨਗਰ ਅਤੇ ਬਲਰਾਜ ਨਗਰ ਵਾਸੀਆਂ ਨੇ ਮੁਹੰਮਦ ਅਸ਼ਰਫ ਖ਼ਾਨ, ਗੁਰਪ੍ਰੀਤ ਸਿੰਘ ਚਹਿਲ, ਸੁਨੀਲ ਕੁਮਾਰ ਫੌਜੀ ਅਤੇ ਪ੍ਰਕਾਸ਼ ਆਦਿ ਮੋਹਤਵਰ ਵਿਅਕਤੀਆਂ ਦੁਆਰਾ ਇੱਕ ਬੇਨਤੀ ਪੱਤਰ ਐੱਸ ਐਮ ਓ ਡਾ ਮਨਿੰਦਰਪਾਲ ਸਿੰਘ ਨੂੰ ਸੌਂਪ ਇਸ ਬੰਦ ਪਏ ਗੇਟ ਨੂੰ ਖੋਲਣ ਦੀ ਬੇਨਤੀ ਕੀਤੀ। ਇਸ ਬਾਰੇ ਐੱਸ ਐਮ ਓ ਵੱਲੋਂ ਵੀ ਉਕਤ ਮਾਮਲੇ ਉੱਤੇ ਗੌਰ ਕਰਨ ਦਾ ਭਰੋਸਾ ਦਿੱਤਾ ਹੈ। ਉੱਧਰ ਇੱਕ ਇਸੇ ਹੀ ਤਰ੍ਹਾਂ ਦਾ ਬੇਨਤੀ ਪੱਤਰ ਜਦੋਂ ਹਸਪਤਾਲ ਚੌਂਕੀ ਇੰਚਾਰਜ ਰਜਿੰਦਰ ਕੁਮਾਰ ਨੂੰ ਦੇਣਾ ਚਾਹਿਆ ਤਾਂ ਉਨ੍ਹਾਂ ਇਹ ਕਹਿ ਕੇ ਇਸਨੂੰ ਲੈਣ ਤੋ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਤਾਂ ਇਸ ਗੇਟ ਨੂੰ ਲੈਕੇ ਕਿਸੇ ਵੀ ਤਰ੍ਹਾਂ ਦਾ ਕੋਈ ਇਤਰਾਜ਼ ਹੀ ਨਹੀਂ ਜੇਕਰ ਹਸਪਤਾਲ ਪ੍ਰਸ਼ਾਸ਼ਨ ਇਸਨੂੰ ਖੋਲ੍ਹਣਾ ਚਾਹੁੰਦਾ ਹੈ ਤਾਂ ਖੋਲ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਹਸਪਤਾਲ ਪ੍ਰਸ਼ਾਸਨ ਲੋਕਾਂ ਦੀ ਬੇਨਤੀ ਮੰਨ ਇਸ ਲੋਕ ਹਿੱਤੀ ਮਸਲੇ ਨੂੰ ਹੱਲ ਕਰਦਾ ਹੈ ਜਾਂ ਇਸਨੂੰ ਹੋਰ ਲਮਕਾ ਮੁਹੱਲਾ ਵਾਸੀਆਂ ਨੂੰ ਕਿਸੇ ਤਿੱਖੇ ਸੰਘਰਸ਼ ਲਈ ਮਜ਼ਬੂਰ ਕਰਦਾ ਹੈ।
Author: DISHA DARPAN
Journalism is all about headlines and deadlines.