ਫੋਟੋ: ਮੇਲਾ ਵਿਸਾਖੀ ਤੇ ਤਰਕਸ਼ੀਲ ਮੇਲੇ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਲਈ ਵਿਚਾਰਾਂ ਕਰ ਰਹੇ ਤਰਕਸ਼ੀਲ ਆਗੂ
ਤਲਵੰਡੀ ਸਾਬੋ (ਰੇਸ਼ਮ ਸਿੱਧੂ) ਖਾਲਸੇ ਦੇ ਜਨਮ ਦਿਹਾੜੇ ਮੇਲਾ ਵਿਸਾਖੀ ਉਪਰ ਦਮਦਮਾ ਸਾਹਿਬ ਵਿਖੇ ਲੱਗਣ ਵਾਲੇ ਮੇਲਾ ਵੈਸਾਖੀ ਉਪਰ ਹਰ ਸਾਲ ਦੀ ਤਰ੍ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਇਕ ਭਾਰੀ ਤਰਕਸ਼ੀਲ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਦਿਨ ਅਤੇ ਇੱਕ ਪੂਰੀ ਰਾਤ ਮੇਲਾ ਵਿਸਾਖੀ ਵਿਖੇ ਤਰਕਸ਼ੀਲ ਗਾਇਕਾਂ ਦੇ ਗੌਣ, ਨਾਟਕ-ਕੋਰੀਓਗ੍ਰਾਫੀਆਂ ਅਤੇ ਜਾਦੂ ਦੇ ਟਰਿੱਕਾਂ ਤੋਂ ਇਲਾਵਾ ਵੰਨ-ਸਵੰਨੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮਾਂ ਦਾ ਸੰਚਾਲਨ ਲਗਾਤਾਰਤਾ ਵਿਚ ਚੱਲੇਗਾ।ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਮੇਲੇ ਵਿੱਚ ਲੱਗਣ ਵਾਲਾ ਇਹ ਤਰਕਸ਼ੀਲ ਮੇਲਾ ਗੁਰੂਦਵਾਰਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਨਜ਼ਦੀਕ ਸਥਾਨਕ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਵਿੱਚ ਲਾਇਆ ਜਾ ਰਿਹਾ ਹੈ। ਜ਼ਿਲ੍ਹਾ ਬਠਿੰਡਾ ਵਿੱਚ ਪੈਂਦੀਆਂ ਤਰਕਸ਼ੀਲ ਇਕਾਈਆਂ ਤਲਵੰਡੀ ਸਾਬੋ, ਰਾਮਪੁਰਾ ਫੂਲ, ਮੌੜ ਅਤੇ ਕਾਲਿ਼ਆਂਵਾਲੀ (ਹਰਿਆਣਾ) ਦੀ ਬੀਤੇ ਦਿਨੀਂ ਇਥੇ ਹੋਈ ਇੱਕ ਸਾਂਝੀ ਇਕੱਤਰਤਾ ਤੋਂ ਬਾਅਦ ਤਰਕਸ਼ੀਲ ਇਕਾਈ ਤਲਵੰਡੀ ਸਾਬੋ ਦੇ ਪ੍ਰਧਾਨ ਬਲਦੇਵ ਗਿੱਲ ਨੇ ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਵਾਰ ਦੇ ਇੱਥੇ ਲੱਗ ਰਹੇ ਤਰਕਸ਼ੀਲ ਮੇਲੇ ਵਿੱਚ ਜਿੱਥੇ ਤਰਕਸ਼ੀਲ ਵਿਦਵਾਨਾਂ ਵੱਲੋਂ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਜਾਣੇ ਹਨ ਉਥੇ ਤਰਕਸ਼ੀਲ ਨਾਟਕ ਮੁੱਢਲੀ ਆਰਟ ਗਰੁੱਪ ਰਾਏਕੋਟ ਵੱਲੋਂ ਭਗਤ ਸਿੰਘ ਜਿੰਦਾ ਹੈ, ਗੋਦੀ ਮੀਡੀਆ ਝੂਠ ਬੋਲਦਾ ਹੈ, ਅਤੇ ਤਰਕਸ਼ੀਲ ਨਾਟਕ ਖੱਚਰ ਖਾਲੀ ਹੈ ਵਰਗੇ ਨਾਟਕ ਪਹਿਲੀ ਵਾਰ ਮੇਲਾ ਵਿਸਾਖੀ ਵਿਖੇ ਲੋਕ ਭੀੜਾਂ ਦੀ ਖਿੱਚ ਦਾ ਕੇਂਦਰ ਬਨਣ ਜਾ ਰਹੇ ਹਨ। ਸ਼੍ਰੀ ਬਲਦੇਵ ਗਿੱਲ ਅਨੁਸਾਰ ਤਰਕਸ਼ੀਲ ਮੇਲੇ ਨੂੰ ਸੱਭਿਆਚਾਰਿਕ ਪੱਖ ਤੋਂ ਚਾਰ ਚੰਨ ਲਾਉਣ ਲਈ ਤਰਕਸ਼ੀਲ ਗਾਇਕ ਜਗਸੀਰ ਜੀਦਾ ਦੀ ਲੋਕ ਸੰਗੀਤ ਮੰਡਲੀ ਨੂੰ ਇਕ ਦਿਨ ਅਤੇ ਰਾਤ ਪੂਰੇ ਪ੍ਰੋਗਰਾਮਾਂ ਲਈ ਬੁੱਕ ਕੀਤਾ ਗਿਆ ਹੈ ਜਦੋਂ ਕਿ ਉਸੇ ਸਟੇਜ ਤੋਂ ਮਾਲਵੇ ਦੀ ਉੱਘੀ ਗਾਇਕਾ ਬੀਬੀ ਰੁਪਿੰਦਰ ਕੌਰ ਰੰਧਾਵਾ ਵੀ ਇਨਕਲਾਬੀ ਗੀਤਾਂ ਰਾਹੀਂ ਆਪਣੀ ਆਵਾਜ਼ ਦਾ ਜਾਦੂ ਵਖੇਰੇਗੀ। ਸਰਦਾਰ ਬਲਦੇਵ ਗਿੱਲ ਨੇ ਦੱਸਿਆ ਕਿ ਤਲਵੰਡੀ ਸਾਬੋ ਵਿਖੇ ਲੱਗਣ ਵਾਲੇ ਇਸ ਤਰਕਸ਼ੀਲ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
Author: DISHA DARPAN
Journalism is all about headlines and deadlines.