ਬਠਿੰਡਾ- 29 ਮਾਰਚ, ( ਰਾਵਤ ): ਪੀ.ਏ.ਯੂ. ਦੁਨੀਆਂ ਦੀ ਨਾਮਵਰ ਸੰਸਥਾ ਹੈ ਤੇ ਇਸ ਦਾ ਸਿਹਰਾ ਉਨ੍ਹਾਂ ਮਾਹਿਰਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਪਿਛਲੇ ਛੇ ਦਹਾਕਿਆਂ ਤੋਂ ਡਟ ਕੇ ਖੇਤੀ ਦੀ ਬਿਹਤਰੀ ਲਈ ਖੋਜ ਕੀਤੀ ਹੈ। ਹੁਣ ਸਮਾਂ ਆ ਗਿਆ ਹੈ ਜਦੋ ਖੇਤੀ ਖੋਜ ਨੂੰ ਮਜ਼ਬੂਤ ਕਰਨ ਲਈ ਪੀ.ਏ.ਯੂ. ਦੇ ਖੋਜ ਢਾਂਚੇ ਨੂੰ ਲੋੜੀਦੀਆਂ ਸੁਵਿਧਾਵਾਂ ਦਿੱਤੀਆਂ ਜਾਣ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਲਗਾਏ ਕਿਸਾਨ ਮੇਲੇ ਦੌਰਾਨ ਕੀਤਾ।
ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਦਾ ਜ਼ਰੀਆ ਖੇਤੀ ਬਣੇਗਾ ਅਤੇ ਖੇਤੀ ਦਾ ਵਿਕਾਸ ਪੀ.ਏ.ਯੂ. ਦੀ ਮਜ਼ਬੂਤੀ ਨਾਲ ਹੀ ਸੰਭਵ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ। ਇਸ ਲਈ ਸਰਕਾਰ ਨੂੰ ਅਸਰਦਾਰ ਨੀਤੀਆਂ ਬਨਾਉਣ ਦੀ ਜ਼ਰੂਰਤ ਹੈ। ਸ਼੍ਰੀ ਸੰਧਵਾਂ ਨੇ ਇਸ ਮੇਲੇ ਲਈ ਖੇਤਰੀ ਖੋਜ ਕੇਦਂਰ ਬਠਿੰਡਾ ਦੇ ਤਮਾਮ ਅਮਲੇ ਤੇ ਪੀ.ਏ.ਯੂ. ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਰਕਾਰ ਨੂੰ ਜ਼ੋਰ ਦੇ ਕੇ ਕਹਿਣਗੇ ਕਿ ਅਜਿਹੇ ਹੋਰ ਮੇਲੇ ਆਯੋਜਿਤ ਕੀਤੇ ਜਾਣ।
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ ਤੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਰਨਰ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਹ ਸੂਬਾ ਸਰਕਾਰ ਤੱਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹੁੰਚਾਉਣ ਦੇ ਨਾਲ-ਨਾਲ ਹੱਲ ਕਰਵਾਉਣਾ ਵੀ ਯਕੀਨੀ ਬਣਾਉਣਗੇ। ਉਨ੍ਹਾਂ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਹੁਤ ਹੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬੇ ਅੰਦਰ ਛੇ ਮਹੀਨੇ ਦੇ ਅੰਦਰ-ਅੰਦਰ ਨਸ਼ੇ ਨੂੰ ਮੁਕੰਮਲ ਤੌਰ ਤੇ ਕੰਟਰੋਲ ਕਰ ਲਿਆ ਜਾਵੇਗਾ।
ਇਸ ਮੌਕੇ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਖੇਤੀ ਨੂੰ ਵਿਕਸਤ ਕਰਨ ਵਿੱਚ ਅਤੇ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਨਾਉਣ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਉਘਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨੀ ਅਤੇ ਖੇਤੀ ਦੇ ਵਿਕਾਸ ਲਈ ਲਗਾਤਾਰ ਕੰਮ ਕਰਦੇ ਰਹਿਣਗੇ ਅਤੇ ਸਰਕਾਰ ਨੂੰ ਇਸ ਦਿਸ਼ਾ ਵਿੱਚ ਗਤੀਸ਼ੀਲ ਰੱਖਣ ਵਿੱਚ ਸਹਿਯੋਗ ਦੇਣਗੇ।
ਇਸ ਮੌਕੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਸ਼੍ਰੀ ਅਮਿਤ ਰਤਨ ਕੋਟਫੱਤਾ ਨੇ ਕਿਸਾਨ ਭਲਾਈ ਬਾਰੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕ ਤੇ ਮੰਤਰੀ ਪੀ.ਏ.ਯੂ. ਦੇ ਸੋਸ਼ਲ ਮੀਡੀਆ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਵਿੱਚ ਸਹਾਈ ਹੋਣਗੇ।
ਇਸ ਮੌਕੇ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਬਂਰ ਸ. ਅਮਨਪ੍ਰੀਤ ਸਿੰਘ ਨੇ ਆਪਣੀ ਕਾਮਯਾਬੀ ਬਾਰੇ ਗੱਲ ਕਰਦਿਆਂ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਦਰਾਂ ਨਾਲ ਜੁੜਨ ਲਈ ਕਿਹਾ।ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਨਵੀਆਂ ਖੇਤੀ ਖੋਜਾਂ ਅਤੇ ਤਕਨੀਕਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਝੋਨੇ ਦੀਆਂ ਨਵੀਆਂ ਕਿਸਮਾਂ ਪੀ.ਆਰ-130 ਅਤੇ ਪੀ.ਆਰ-131 ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੱਕੀ ਦੀ ਕਿਸਮ ਪੰਜਾਬ ਬੇਬੀ ਕੌਰਨ-1 ਵੀ ਫ਼ਸਲੀ ਵਿਭਿੰਨਤਾਂ ਦੇ ਖੇਤਰ ਵਿੱਚ ਕੀਤੀ ਪਹਿਲਕਦਮੀ ਵਜੋਂ ਦੇਖੀ ਜਾਣੀ ਚਾਹੀਦੀ ਹੈ। ਦਾਲਾਂ ਵਿੱਚ ਮੈਸ਼-883 ਅਤੇ ਚ੍ਰਹੀ ਦੀ ਨਵੀਂ ਕਿਸਮ ਐਸ ਐਲ-45, ਚਾਰਿਆਂ ਵਿੱਚ ਬਿਹਤਰੀਨ ਕਿਸਮ ਹੈ। ਪੰਜਾਬ ਵਿੱਚ ਬਾਜਰੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪੀ. ਸੀ.ਬੀ-166 ਚਾਰੇ ਦੀ ਕਿਸਮ ਦਾ ਉਹਨਾਂ ਵਿਸ਼ੇਸ਼ ਤੌਰ ਤੇ ਜਿ਼ਕਰ ਕੀਤਾ।ਇਸ ਤੋਂ ਇਲਾਵਾ ਗੁਆਰੇ ਦੀ ਕਿਸਮ ਪੀ ਬੀ ਜੀ-16 ਅਤੇ ਗੁਲਦਾਉਦੀਂ ਦੀਆਂ ਨਵੀਆਂ ਕਿਸਮਾਂ ਮੌਸਮੀ ਗੁਲਦਾਉਦੀਂ -19 ਤੇ ਮੌਸਮੀ ਗੁਲਦਾਉਂਦੀ-21 ਬਾਰੇ ਵੀ ਡਾ ਢੱਟ ਨੇ ਵਿਸਥਾਰ ਨਾਲ ਦੱਸਿਆ। ਉਤਪਾਦਨ ਤਕੀਕਾਂ ਦਾ ਜ਼ਿਕਰ ਕਰਦਿਆਂ ਨਿਰਦੇਸ਼ਕ ਖੋਜ ਨੇ ਕਿਹਾ ਕਿ ਬੈਡਾਂ ਤੇ ਤਰ-ਵੱਤਰ ਖੇਤ ਵਿੱਚ ਸਿੱਧੀ ਬਿਜਾਈ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੀ.ਆਰ-26 ਕਿਸਮ ਦੀ ਪਿਛੇਤੀ ਲਗਾਈ ਲਈ 20 ਜੂਨ ਤੱਕ ਪਨੀਰੀ ਦੀ ਬਿਜਾਈ ਦੀ ਤਜ਼ਵੀਜ਼ ਵੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਖੇਤ ਵਿੱਚ ਵਾਹ ਕੇ ਮਿੱਟੀ ਵਿੱਚ ਜੈਵਿਕ ਮਾਦੇ ਵਿੱਚ ਇਜ਼ਾਫ਼ਾ ਕਰਨ ਦੀ ਸਿਫ਼ਾਰਸ਼ ਨੂੰ ਪੁਰਜ਼ੋਰ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੀ ਟੀ ਕਾਟਨ ਵਿੱਚ ਤੁਪਕਾ ਸਿੰਚਾਈ ਵਿਧੀ ਦੀ ਸਿਫ਼ਾਰਸ਼ ਦੇ ਨਾਲ-ਨਾਲ ਕਮਾਦ, ਰਾਈ ਘਾਹ ਅਤੇ ਬਰਸੀਮ ਬਾਰੇ ਵੀ ਉਤਪਾਦਨ ਤਕਨੀਕਾਂ ਦਾ ਜਿ਼ਕਰ ਕੀਤਾ। ਬੇਬੀ ਕੌਰਨ ਵਿੱਚ ਖਾਦ ਦੀ ਮਾਤਰਾ ਨਿਯਮਿਤ ਕਰਨ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਦੀ ਸਿਫ਼ਾਰਸ਼ ਵੀ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਸਵਾਗਤੀ ਸ਼ਬਦ ਬੋਲਦਿਆਂ ਆਨਲਾਈਨ ਮੇਲੇ ਲਾਉਣ ਦੇ ਮੰਤਵ ਅਤੇ ਮੇਲਿਆਂ ਦੀ ਰੂਪਰੇਖਾ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਮੇਲਿਆਂ ਦਾ ਥੀਮ ਧਰਤੀ, ਪਾਣੀ, ਪੌਣ ਬਚਾਈਏ, ਪੁਸ਼ਤਾਂ ਖਾਤਰ ਧਰਮ ਨਿਭਾਈਏੇ ਰੱਖਿਆ ਗਿਆ ਹੈ ਜਿਸ ਨਾਲ ਸਰੋਤਾਂ ਦੀ ਸਹੀ ਵਰਤੋਂ ਦਾ ਸੁਨੇਹਾ ਕਿਸਾਨਾਂ ਤੱਕ ਦੇਣ ਦਾ ਉਦੇਸ਼ ਹੈ। ਡਾ. ਅਸ਼ੋਕ ਕੁਮਾਰ ਨੇ ਮੌਸਮੀ ਤਬਦੀਲੀ ਨਾਲ ਪੈਦਾ ਹੋਣ ਵਾਲੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਮਾਹਿਰਾਂ ਨਾਲ ਸੰਪਰਕ ਕਰਨ ਦੀ ਅਪੀਲ ਕਿਸਾਨਾਂ ਨੂੰ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਉਤਪਾਦਨ ਦੇ ਨਾਲ ਆਮਦਨ ਵਿੱਚ ਵਾਧਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਪਰਾਲੀ ਦੀ ਸੰਭਾਲ ਅਤੇ ਪਾਣੀ ਦੇ ਪੱਧਰ ਨੂੰ ਸਾਵਾਂ ਰੱਖਣ ਦੇ ਨਾਲ-ਨਾਲ ਜੈਵਿਕ ਖੇਤੀ ਅਤੇ ਮੁੱਲ ਵਾਧੇ ਤਕਨੀਕਾਂ ਨਾਲ ਜੁੜਨ ਲਈ ਕਿਸਾਨਾਂ ਨੂੰ ਨਵੀਨ ਜਾਣਕਾਰੀਆਂ ਅਪਨਾਉਣ ਲਈ ਪ੍ਰੇਰੇਰਿਤ ਕੀਤਾ। ਉਹਨਾਂ ਇਸ ਮੇਲੇ ਦੀ ਰੂਪਰੇਖਾ ਸਾਂਝੀ ਕਰਦਿਆਂ ਕਿਹਾ ਕਿ ਮੇਲੇ ਵਿੱਚ ਕਿਸਾਨਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਡੀਡੀਓ ਦੀ ਮਾਰਫ਼ਤ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਬਾਰੇ ਪੈਨਲ ਵਿਚਾਰ-ਚਰਚਾਵਾਂ ਵੀ ਦੋ ਦਿਨ ਲਗਾਤਾਰ ਜਾਰੀ ਰਹਿਣਗੀਆਂ। ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਬਠਿੰਡੇ ਵਿੱਚ ਲੱਗਣ ਵਾਲਾ ਮੇਲਾ ਆਫ ਲਾਈਨ ਜਾਂ ਹਕੀਕੀ ਰੂਪ ਵਿੱਚ ਲੱਗ ਰਿਹਾ ਹੈ। ਆਰੰਭਕ ਸੈਸ਼ਨ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਡਾ. ਗੁਰਜਿੰਦਰ ਸਿੰਘ ਰੁਮਾਣਾ ਨੇ ਕੀਤਾ। ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਦਂਰ, ਬਠਿੰਡਾ ਦੇ ਨਿਰਦੇਸ਼ਕ ਡਾ ਪਰਮਜੀਤ ਸਿੰਘ ਨੇ ਕਹੇ। ਪੀ.ਏ.ਯੂ. ਦੇ ਅਧਿਕਾਰੀਆਂ ਨੇ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਜੀ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਚਿੰਨਾਂ ਨਾਲ ਸਨਮਾਨ ਕੀਤਾ।
ਇਸ ਮੇਲੇ ਦੌਰਾਨ ਤਕਨੀਕੀ ਸੈਸ਼ਨ ਵੀ ਹੋਏ ਜਿਨਸਾਂ ਵਿੱਚ ਸਾਉਣੀ ਰੁੱਤ ਦੀਆਂ ਵਿਕਸਿਤ ਕਿਸਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਦੱਖਣ-ਪੱਛਮ ਪੰਜਾਬ ਵਿੱਚ ਬਾਗਾਂ ਦੀ ਲਵਾਈ ਅਤੇ ਸਾਂਭ-ਸੰਭਾਲ, ਫ਼ਸਲ ਵਿਭਿੰਨਤਾ ਵਿੱਚ ਸਬਜ਼ੀਆਂ ਦਾ ਯੋਗਦਾਨ ਅਤੇ ਰਸੋਈ ਬਗੀਚੀ, ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਦੇ ਵਿਕਸਿਤ ਤਰੀਕੇ, ਖੇਤੀ ਮਸ਼ੀਨਰੀ ਦੀ ਢੁੱਕਵੀਂ ਵਰਤੋਂ ਸਾਉਣੀ ਦੀਆਂ ਫ਼ਸਲਾਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਆਦਿ ਵਿਸਿ਼ਆਂ ਬਾਰੇ ਮਾਹਿਰਾਂ ਨੇ ਕਿਸਾਨਾਂ ਨੂੰ ਭਰਪੂਰ ਅਤੇ ਸਾਰਥਿਕ ਜਾਣਕਾਰੀ ਦਿੱਤੀ। ਮੇਲੇ ਦੌਰਾਨ ਪੀ.ਏ.ਯੂ. ਦੇ ਖੇਤੀ ਸਾਹਿਤ ਦੀ ਵਿਕਰੀ ਵਿੱਚ ਉਪਰਲੇ ਸਥਾਨਾਂ ਤੇ ਰਹੇ ਅਧਿਕਾਰੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਦਂਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੇਲੇ ਵਿੱਚ ਆਸ-ਪਾਸ ਦੇ ਇਲਾਕੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚੇ।ਸਮਾਗਮ ਉਪਰੰਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਇੰਡਸਟਰੀਅਲ ਗਰੋਥ ਸੈਂਟਰ ਚ ਸਥਿਤ ਮਿੱਤ ਸੂਮੀ ਐਗਰੀ ਸਾਇੰਸ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕੇ ਮਨੈਜਿੰਗ ਡਾਇਰੈਕਟਰ ਬਲਦੀਪ ਸੰਧੂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
Author: DISHA DARPAN
Journalism is all about headlines and deadlines.