ਬਠਿੰਡਾ 12 ਫ਼ਰਵਰੀ -ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅੱਜ ਪਾਰਟੀ ਦੀ ਸਮੂਹ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਬਠਿੰਡਾ ਸ਼ਹਿਰ ਦੇ ਵਿਕਾਸ ਨੂੰ ਅੱਗੇ ਲਿਜਾਣ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ “ਜੋ ਕਿਹਾ ਕਰ ਕੇ ਵਿਖਾਇਆ ਜੋ ਕਹਾਂਗੇ ਕਰਕੇ ਵਿਖਾਵਾਂਗੇ” ਤਹਿਤ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ।”10 ਸਾਲ ਜੋ ਕੀਤਾ ਵਿਕਾਸ, ਇਸੇ ਕਰਕੇ ਬਠਿੰਡਾ ਨੂੰ ਸਰੂਪ ਤੋਂ ਆਸ” ਦੇ ਬੈਨਰ ਹੇਠ ਜਾਰੀ ਕੀਤੇ ਚੋਣ ਮੈਨੀਫੈਸਟੋ ਵਿਚ ਸਾਬਕਾ ਵਿਧਾਇਕ ਅਤੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ 18 ਏਜੰਡਿਆਂ ਤੇ ਪਹਿਲ ਦੇ ਆਧਾਰ ਤੇ ਕੰਮ ਹੋਵੇਗਾ, ਬਠਿੰਡਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਉਪਰਾਲੇ ਹੋਣਗੇ, ਮੁੱਖ ਕੰਮ ਬਰਨਾਲਾ ਬਾਈਪਾਸ ਤੇ ਪਿੱਲਰਾਂ ਵਾਲਾ ਪੁਲ ਬਣਾਉਣ, ਬਾਜ਼ਾਰਾਂ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਾਰਕਿੰਗਾਂ ਦਾ ਪ੍ਰਬੰਧ, ਬਠਿੰਡਾ ਸ਼ਹਿਰ ਦੇ ਗਰੋਥ ਸੈਂਟਰ ਤੇ ਲਾਈਨੋਂ ਪਾਰ ਇਲਾਕੇ ਵਿੱਚ ਫਾਇਰ ਬਿਗ੍ਰੇਡ ਸਥਾਪਤ ਕਰਨ, ਲੋਕਲ ਬੱਸ ਸਰਵਿਸ ਸ਼ੁਰੂ ਕਰਨ, ਤਾਰਾਂ ਦੇ ਜੰਜਾਲ ਨੂੰ ਖ਼ਤਮ ਕਰਨ, ਬਠਿੰਡਾ ਨੂੰ ਟੂਰਿਸਟ ਅਤੇ ਟੈਕਸਟਾਈਲ ਹੱਬ ਬਣਾਉਣ , ਕਚਰਾ ਪਲਾਂਟ ਨੂੰ ਬਾਹਰ ਕੱਢਣ ਦੇ ਨਾਲ ਲਾਈਨੋ ਪਾਰ ਇਲਾਕੇ ਨੂੰ ਸਭ ਤੋਂ ਸੁੰਦਰ ਇਲਾਕਾ ਬਣਾਉਣ ਲਈ ਯਤਨ ਕਰਕੇ ਵਿਖਾਵਾਂਗੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਸਰੂਪ ਸਿੰਗਲਾ ਨੇ ਵਾਅਦਾ ਕੀਤਾ ਕਿ ਬਠਿੰਡਾ ਤੋਂ “ਜਿਤਾ ਦਿਉ ਅਕਾਲੀ ਬਸਪਾ ਸਰਕਾਰ ਬਣਾ ਦਿਓ” ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਨਾਲ ਸ਼ਹਿਰ ਵਾਸੀਆਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ, ਹਰ ਸਮੱਸਿਆ ਦਾ ਹੱਲ ਹੋਵੇਗਾ ।ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਦੇ ਖਾਤਮੇ ਲਈ ਕਮਰਕੱਸੇ ਕੀਤੇ ਜਾਣਗੇ, ਸੀਸੀਟੀਵੀ ਕੈਮਰੇ ਲਾ ਕੇ ਸੁਰੱਖਿਆ ਯਕੀਨੀ ਬਣਾਈ ਜਾਵੇਗੀ, ਚੌਵੀ ਘੰਟਿਆਂ ਵਿੱਚ ਸ਼ਿਕਾਇਤਾਂ ਤੇ ਹੱਲ ਕਰਨ ਲਈ ਪੁਲੀਸ ਨੂੰ ਬਚਨਬੱਧ ਕੀਤਾ ਜਾਵੇਗਾ। ਇਸ ਦੇ ਨਾਲ ਗ਼ਰੀਬ ਤੇ ਮੱਧ ਵਰਗ ਦੀਆਂ ਔਰਤਾਂ ਨੂੰ ਰੁਜ਼ਗਾਰ ਤੇ ਪੜ੍ਹੇ ਲਿਖੇ ਬੱਚਿਆਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾਉਣ ਲਈ ਯਤਨ ਕਰਾਂਗੇ, ਬਰਸਾਤੀ ਪਾਣੀ ਦੇ ਨਿਕਾਸ, ਸੁੰਦਰ ਸਟਰੀਟ ਲਾਈਟਾਂ, ਸੁੰਦਰ ਸੜਕਾਂ, ਸੀਵਰੇਜ ਦੇ ਵਧੀਆ ਪ੍ਰਬੰਧ ਅਤੇ ਹਰਿਆਲੀ ਭਰਿਆ ਬਠਿੰਡਾ ਬਣਾਉਣ ਲਈ ਕੋਸ਼ਿਸ਼ਾਂ ਕਰਾਂਗੇ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ “ਸਾਡਾ ਪੰਜਾਬ ਹੋਵੇ ਖ਼ੁਸ਼ਹਾਲ” ਹੈ ਜਿਸ ਤੇ ਪੂਰੀ ਵਚਨਬੱਧਤਾ ਦੁਹਰਾਈ ਜਾਏਗੀ, ਜਿਸ ਲਈ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹਨ । ਉਨ੍ਹਾਂ ਦਾਅਵਾ ਕੀਤਾ ਕਿ ਖ਼ਜ਼ਾਨਾ ਮੰਤਰੀ ਨੇ ਤਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਗੁੰਮਰਾਹ ਹੀ ਕੀਤਾ, ਪਰ ਅਸੀਂ ਦਸ ਸਾਲ ਵਿਕਾਸ ਕੀਤਾ ਤੇ ਹੁਣ ਵੀ ਕੰਮ ਕਰਕੇ ਵਿਖਾਵਾਂਗੇ । ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਕੋਰ ਕਮੇਟੀ ਦੇ ਮੈਂਬਰ ਅਤੇ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਸਾਹਿਬ ਹਾਜ਼ਰ ਸਨ ।
Author: DISHA DARPAN
Journalism is all about headlines and deadlines.