-ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋ ਪੁਲੀਸ ਦੀ ਗੁੰਡਾਗਰਦੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ-
ਬਠਿੰਡਾ,6 ਅਗਸਤ (ਚਾਨੀ ) 1985 ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਪੱਖਾਂ ਤੋ ਵਿਵਾਦਾਂ ‘ਚ ਰਹੀ ਖਾਕੀ ਦੀ ਬਦਮਾਸ਼ੀ ਦਾ ਇੱਕ ਕਾਰਨਾਮਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਠਿੰਡਾ ਪੁਲਿਸ ਨਾਲ ਸੰਬੰਧਤ 2 ਸਬ ਇੰਸਪੈਕਟਰਾਂ ਵੱਲੋਂ ਇੱਕ ਪੱਤਰਕਾਰ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ।ਜਾਣਕਾਰੀ ਮੁਤਾਬਿਕ ਜਹਾਨਖੇਲਾ (ਹੁਸ਼ਿਆਰਪੁਰ) ਵਿਖੇ ਟ੍ਰੇਨਿੰਗ ਕਰ ਰਹੇ 2 ਸਬ ਇੰਸਪੈਕਟਰ ਮਨਦੀਪ ਸਿੰਘ ਤੇ ਸੁਰਜੀਤ ਕੁਮਾਰ ਜੋ ਕਿ ਬਟਾਲਾ ਵਿਖੇ ਆਏ ਹੋਏ ਸਨ, ਪਛਾਣ ਦੇ ਤੌਰ ‘ਤੇ ਜਦੋਂ ਬਲਜੀਤ ਸਿੰਘ ਪੱਤਰਕਾਰ ਨੇ ਪੁੱਛਿਆ ਤਾਂ ਤੈਸ਼ ਵਿੱਚ ਆਏ ਸਬ-ਇੰਸਪੈਕਟਰਾਂ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਧਰਤੀ ਤੇ ਸੁੱਟ ਕੇ ਠੁੱਡੇ ਤੱਕ ਮਾਰੇ। ਪਹਿਲਾਂ ਤਾਂ ਪੰਜਾਬ ਪੁਲਿਸ ਨੇ ਇਸ ਮਾਮਲੇ ਨੂੰ ਵੀ ਟਾਲਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੱਤਰਕਾਰ ਭਾਈਚਾਰੇ ਨੇ ਇਸ ਬਾਰੇ ਜ਼ੋਰ ਲਾਇਆ ਤਾਂ ਡੀਜੀਪੀ ਪੰਜਾਬ ਦੇ ਦਖ਼ਲ ਤੋਂ ਬਾਅਦ ਦੋਨਾਂ ਸਬ ਇੰਸਪੈਕਟਰ ਮਨਦੀਪ ਸਿੰਘ ਤੇ ਸੁਰਜੀਤ ਕੁਮਾਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਬਾਰੇ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ(ਰਜਿ.)ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ।ਪ੍ਰਧਾਨ ਗੁਰਜੀਤ ਚੌਹਾਨ ਨੇ ਕਿਹਾ ਕਿ ਪੁਲਿਸ ਵਰਦੀ ਦੇ ਰੂਪ ਵਿੱਚ ਲੁਕੇ ਹੋਏ ਅਜਿਹੇ ਗੁੰਡੇ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਜਿੱਥੇ ਇਹਨਾਂ ਸ਼ਰੇਆਮ ਸੰਵਿਧਾਨ ਤੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ ਓਥੇ ਲੋਕਤੰਤਰ ਦੇ ਚੌਥੇ ਥੰਮ ਦਾ ਨਿਰਾਦਰ ਵੀ ਕੀਤਾ ਹੈ ਜਿਸ ਨਾਲ਼ ਲੋਕਾਂ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਅਕਸ ਬਹੁਤ ਜਿਆਦਾ ਖਰਾਬ ਹੋਇਆ ਹੈ। ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ ਨੇ ਕਿਹਾ ਕਿ ਇੱਕ ਪੱਤਰਕਾਰ ਤੇ ਹਮਲਾ ਕਰਨਾ ਬੜੀ ਸ਼ਰਮਨਾਕ ਘਟਨਾ ਹੈ ਪੁਲਸ ਦੀ ਵਰਦੀ ਵਿੱਚ ਲੁਕੇ ਅਜਿਹੇ ਗੁੰਡੇ ਅਨਸਰਾਂ ਨੂੰ ਪੰਜਾਬ ਸਰਕਾਰ ਨੱਥ ਪਾਵੇ। ਉਹਨਾਂ ਇਹ ਵੀ ਕਿਹਾ ਕਿ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ (ਰਜਿ.) ਹਰੇਕ ਪੱਤਰਕਾਰ ਨਾਲ ਚਟਾਨ ਵਾਂਗ ਖੜ੍ਹਾ ਹੈ।ਇਸ ਘਟਨਾ ਨੂੰ ਲੈ ਕੇ ਕਲੱਬ ਦੇ ਸਰਪ੍ਰਸਤ ਭਾਈ ਜਸਕਰਨ ਸਿੰਘ ਸਿਵੀਆਂ, ਜਰਨਲ ਸਕੱਤਰ ਸੁਰਿੰਦਰ ਪਾਲ ਸਿੰਘ ਬੱਲੂਆਣਾ, ਖਜਾਨਚੀ ਰਾਜਦੀਪ ਜੋਸ਼ੀ, ਸੀਨੀਅਰ ਪੱਤਰਕਾਰ ਸੱਤਪਾਲ ਮਾਨ,ਨਸੀਬ ਚੰਦ ਸ਼ਰਮਾ, ਪ੍ਰੈੱਸ ਸਕੱਤਰ, ਗੁਰਸੇਵਕ ਸਿੰਘ ਚੁੱਘੇ ਖੁਰਦ,ਜਸਵੀਰ ਸਿੰਘ ਕਟਾਰ ਸਿੰਘ ਵਾਲਾ, ਗੁਰਪ੍ਰੀਤ ਸਿੰਘ ਗੋਪੀ, ਪ੍ਰਿੰਸ ਕੁਮਾਰ ਸੇਖੂ , ਜਸ਼ਨਜੀਤ ਸਿੰਘ,ਨਵਦੀਪ ਗਰਗ,ਇਕਬਾਲ ਸਿੰਘ, ਸੀਨੀਅਰ ਪੱਤਰਕਾਰ ਮਨੋਜ ਚਰਖੀਵਾਲ ਆਦਿ ਵੱਲੋਂ ਵੀ ਇਹਨਾਂ ਪੁਲਿਸ ਅਧਿਕਾਰੀਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।

Author: PRESS REPORTER
Abc