ਬਠਿੰਡਾ,18 ਜੁਲਾਈ (ਕੇ.ਐੱਸ) ਸੰਗਤ ਮੰਡੀ ਨੇੜਲੀ ਸ਼ਰਾਬ ਫੈਕਟਰੀ ਦੇ ਟਰੱਕਾਂ ਦੀ ਸੜ੍ਹਕ ਕਿਨਾਰੇ ਹੁੰਦੀ ਪਾਰਕਿੰਗ ਅਤੇ ਉਹਨਾਂ ਕਾਰਨ ਪੈਂਦੇ ਟੋਏ ਆਮ ਲੋਕਾਂ ਲਈ ਵੱਡੀ ਸੱਮਸਿਆ ਬਣੇ ਹੋਏ ਹਨ।ਇਸ ਸਬੰਧੀ ਗਲ਼ ਕਰਦਿਆਂ ਪਿੰਡ ਮਛਾਣਾ ਦੇ ਜਸਵੀਰ ਸਿੰਘ ਨੇ ਦੱਸਿਆ ਫੈਕਟਰੀ ਦੇ ਭਾਰੇ ਵਾਹਨਾਂ ਕਾਰਨ ਪਏ ਟੋਇਆਂ ਵਿੱਚ ਬਾਰਿਸ਼ ਦਾ ਪਾਣੀ ਭਰ ਜਾਣ ਨਾਲ ਪਾਸਿਆਂ ਸਮੇਤ ਸੜ੍ਹਕ ‘ਤੇ ਬਣੇ ਚੀਲ੍ਹੇ ਕਾਰਨ ਆਉਣ-ਜਾਣ ਵਾਲਿਆਂ ਦੇ ਤਿਲ੍ਹਕ ਕੇ ਡਿੱਗ ਪੈਣ ਦਾ ਖਤਰਾ ਬਣਿਆ ਰਹਿੰਦਾ ਹੈ ।ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇੰਨੀਆਂ ਸਮੱਸਿਆਵਾਂ ਦੇ ਬਾਵਜੂਦ ਦੀ ਆਸ-ਪਾਸ ਦੇ ਪਿੰਡਾਂ ਦੀਆਂ ਪੰਚਾਇਤਾ,ਰਾਜਨੀਤਿਕ ਅਤੇ ਹੋਰ ਆਗੂਆਂ ਨੇ ਚੁੱਪ ਵੱਟੀ ਹੋਈ ਹੈ ਜੋ ਕੇ ਮਿਲੀਭੁਗਤ ਦਾ ਸਾਫ ਸੰਕੇਤ ਹੈ।ਉਹਨਾਂ ਤੋਂ ਇਲਾਵਾ ਰੇਸ਼ਮ ਸਿੰਘ ਸੰਗਤ ਨੇ ਕਿਹਾ ਕੇ ਇੱਕ ਤਾ ਚਿੱਕੜ ਅਤੇ ਦੂਜਾ ਸੜ੍ਹਕ ਕਿਨਾਰੇ ਖੜ੍ਹੇ ਟਰੱਕ ਹਾਦਸਿਆ ਨੂੰ ਸੱਦਾ ਦਿੰਦੇ ਹਨ।ਉਹਨਾਂ ਅੱਗੇ ਦੱਸਿਆ ਕੇ ਵਾਰੀ-ਵਾਰੀ ਕਹਿਣ ‘ਤੇ ਵੀ ਇੱਕ ਦੋ ਦਿਨਾਂ ਪਿੱਛੋਂ ਫਿਰ ਓਹੀ ਹਾਲ ਹੋ ਜਾਂਦਾ ਹੈ ।ਉਹਨਾਂ ਆਪਣੇ ਸਾਥੀਆਂ ਸਮੇਤ ਮੌਕੇ ਦੇ ਹਾਲਾਤ ਵਿਖਾਉਂਦੇ ਹੋਏ ਕਿਹਾ ਕੇ ਜੇਕਰ ਰਸਤੇ ਦੀ ਮੁਸ਼ਕਿਲ ਦਾ ਜਲਦੀ ਤੋਂ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਫੈਕਟਰੀ ਅੱਗੇ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ।ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਇਕਾਈ ਪ੍ਰਧਾਨ ਕਾਕਾ ਸਿੰਘ ਸੰਗਤ ਨੇ ਵੀ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਾਉਣ ਦੀ ਸਹਿਯੋਗ ਦੇਣ ਦੀ ਹਾਮੀ ਭਰੀ ਹੈ।ਇਸ ਮੌਕੇ ਜਸਵੀਰ ਸਿੰਘ ਮਛਾਣਾ,ਗਗਨ ਮਛਾਣਾ, ਅਰਸ਼ਦੀਪ, ਲਵ ਮਛਾਣਾ,ਰਾਜਿੰਦਰ ਸੰਗਤ, ਰੇਸ਼ਮ ਸੰਗਤ, ਬੱਬੂ ਸੰਗਤ ਆਦਿ ਮੌਜੂਦ ਸਨ।
ਕੀ ਕਹਿੰਦੇ ਹਨ ਫੈਕਟਰੀ ਦੇ ਅਧਿਕਾਰੀ ?
ਇਸ ਸੰਬੰਧੀ ਜਦ ਪੱਖ ਜਾਨਣ ਲਈ ਫੈਕਟਰੀ ਦੇ ਅਧਿਕਾਰੀ ਬਲਵੰਤ ਸਿੰਘ ਗਿੱਲ ਨਾਲ ਫ਼ੋਨ ‘ਤੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਵਾਰੀ-ਵਾਰੀ ਸੰਪਰਕ ਕਰਨ ’ਤੇ ਵੀ ਫ਼ੋਨ ਨਹੀਂ ਚੱਕਿਆ।ਫੈਕਟਰੀ ਅਧਿਕਾਰੀ ਗੁਰਵਿੰਦਰ ਸਿੰਘ ਨਾਲ ਰਾਬਤਾ ਬਣਨ ਤੇ ਉਹਨਾਂ ਕਿਹਾ ਕਿ ਗੱਡੀਆਂ ਦੀ ਪਾਰਕਿੰਗ ਹਟਾ ਦਿੱਤੀ ਗਈ ਹੈ ਅਤੇ ਮੌਸਮ ਠੀਕ ਹੋਣ ਤੇ ਪਾਸੇ ਪਏ ਟੋਇਆਂ ‘ਚ ਮਿੱਟੀ ਪਵਾ ਦਿੱਤੀ ਜਾਵੇਗੀ।
ਨੇੜਲੇ ਪਿੰਡਾਂ ਦੇ ਬੇਰੁਜ਼ਗਾਰਾਂ ਦੀ ਥਾਂ ਬਾਹਰੋਂ ਮਜ਼ਦੂਰ ਲਿਆ ਕੇ ਕੰਮ ਦੇਣ ਦੇ ਵੀ ਦੋਸ਼ :-
-ਜਾਂ ਫਿਰ ਕੰਮ ਸਿਰਫ ਲਿਹਾਜ਼ੀਆਂ ਲਈ-
ਇਸ ਮੌਕੇ ਇਕੱਤਰ ਹੋਏ ਨੌਜਵਾਨਾਂ ਨੇ ਫੈਕਟਰੀ ਅਧਿਕਾਰੀਆਂ ’ਤੇ ਪਿੰਡਾਂ ਦੇ ਬੇਰੁਜਗਾਰ ਨੌਜਵਾਨਾਂ ਨੂੰ ਹਟਾ ਕੇ ਅਤੇ ਰੁਜ਼ਗਾਰ ਦੇਣ ਦੀ ਥਾਂ ਬਾਹਰੋਂ ਲਿਆ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਜਾਂ ਫਿਰ ਸਿਰਫ ਆਪਣੇ ਲਿਹਾਜ਼ੀਆਂ ਨੂੰ ਕੰਮ ਦੇਣ ਦੇ ਵੀ ਦੋਸ਼ ਲਾਏ ਹਨ ਅਤੇ ਨਾਲ ਹੀ ਕਿਹਾ ਕਿ ਫੈਕਟਰੀ ਦੀ ਸੁਆਹ ਕਾਰਨ ਨੇੜਲੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਪਰ ਫੈਕਟਰੀ ਅਧਿਕਾਰੀਆਂ ਵੱਲੋਂ ਇਹਨਾਂ ਦੋਵਾਂ ਮਸਲਿਆਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ।

Author: PRESS REPORTER
Abc