ਮਾਤਾ—ਪਿਤਾ ਦੀ ਕਮੀ ਦਾ ਅਹਿਸਾਸ ਆਪਣੇ ਮਾਤਾ—ਪਿਤਾ ਨੂੰ ਗਵਾਉਂਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਅਤੇ ਮਾਤਾ—ਪਿਤਾ ਦਾ ਪਿਆਰ ਹੀ ਆਪਣੀ ਔਲਾਦ ਲਈ ਸੱਭ ਤੋਂ ਪਵਿੱਤਰ ਹੁੰਦਾ ਹੈ। ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਮਾਂ ਦੀ ਮਮਤਾ ਸਾਨੂੰ ਕਿਸੇ ਹੋਰ ਰਿਸ਼ਤੇ ਤੋਂ ਨਹੀਂ ਮਿਲ ਸਕਦੀ। ਮਾਂ ਦੇ ਚਰਨਾਂ ਵਿੱਚ ਹੀ ਸਵੱਰਗ ਵੱਸਿਆ ਹੁੰਦਾ ਹੈ ਅਤੇ ਸਾਨੂੰ ਆਪਣੀ ਮਾਂ ਦੇ ਚਰਨਾਂ ਵਿੱਚ ਸਿਰ ਚੁੱਕਾ ਕੇ ਆਸ਼ੀਰਵਾਦ ਲੈਣਾ ਚਾਹੀਦਾ ਹੈ। ਮਾਵਾਂ ਤਾਂ ਠੰਢੀਆਂ ਛਾਵਾਂ ਹੁੰਦੀਆਂ ਹਨ। ਮਾਵਾਂ ਬਿਨ੍ਹਾਂ ਘਰ ਸੁੱਨੇ ਹੋ ਜਾਂਦੇ ਹਨ। ਭੈਣ ਭਰਾ ਪਿਤਾ ਦੋਸਤ ਅਤੇ ਸਹੇਲੀ ਦੇ ਸੱਭ ਗੁੱਣ ਮਾਂ ਦੀ ਝੋਲੀ ਵਿੱਚੋਂ ਹੀ ਮਿਲਦੇ ਹਨ। ਮਾਂ ਦੇ ਵਿਛੋੜੇ ਦਾ ਦੁੱਖ ਉਹ ਇਨਸਾਨ ਹੀ ਦੱਸ ਸਕਦਾ ਹੈ ਜਿਸ ਦੀ ਮਾਂ ਇਸ ਫਾਨੀ ਸੰਸਾਰੀ ਨੂੰ ਅਲਵਿਦਾ ਆਖ ਗਈ ਹੋਵੇ। ਇੱਕ ਪੱੁਤਰ ਜ਼ੋ ਆਪਣੀ ਗੱਲ ਆਪਣੀ ਮਾਂ ਨਾਲ ਸਾਂਝੀ ਕਰ ਸਕਦਾ ਹੈ ਉਹ ਆਪਣੇ ਪਿਤਾ ਨਾਲ ਸਾਂਝੀ ਕਰਨੀ ਬਹੁਤ ਮੁਸ਼ਿਕਲ ਹੁੰਦੀ ਹੈ। ਅਸਲ ਜਿੰਦਗੀ ਦਾ ਸਫਰ ਤਾਂ ਮਾਤਾ ਪਿਤਾ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਅਤੇ ਆਪਣੇ ਮਾਤਾ—ਪਿਤਾ ਦੇ ਸਾਥ ਤੋਂ ਬਿਨ੍ਹਾਂ ਇਹ ਸਫਰ ਬਿਲੁੱਕਲ ਸੁੰਨਾ—2 ਜਾਪਦਾ ਹੈ ਅਤੇ ਇਹ ਸਾਥ ਜਿਨ੍ਹਾਂ ਗੂੜਾ ਹੁੰਦਾ ਹੈ ਇਸ ਦਾ ਵਿਛੋੜਾ ਉਨ੍ਹਾਂ ਹੀ ਤਕਲੀਫ ਵਾਲਾ ਹੁੰਦਾ ਹੈ। ਕੁੱਝ ਲੋਕ ਕਿਸੇ ਦੇ ਅਚਾਨਕ ਚੱਲੇ ਜਾਣ ਨੂੰ ਬੀਮਾਰ ਹੋ ਕੇ ਇਸ ਸੰਸਾਰ ਤੋਂ ਚੱਲੇ ਜਾਣ ਨੂੰ ਚੰਗਾ ਸਮਝਦੇ ਹਨ ਪ੍ਰੰਤੂ ਇਹ ਸੋਚਣੀ ਬਿਲਕੁੱਲ ਗਲਤ ਹੈ। ਕਿਉਂਕਿ ਤੁਹਾਡੇ ਕੋਲ ਕਰਨ ਲਈ ਸੱਭ ਕੁੱਝ ਹੁੰਦਾ ਹੈ ਪ੍ਰੰਤੂ ਜਦੋਂ ਪ੍ਰਮਾਤਮਾ ਤੁਹਾਨੂੰ ਇਹ ਕਰਨ ਲਈ ਮੌਕਾ ਹੀ ਨਾ ਦੇਵੇ ਤਾਂ ਬਹੁਤ ਬੁਰਾ ਲੱਗਦਾ ਹੈ। ਹਜ਼ਾਰਾਂ ਹੀ ਸੁਪਨੇ ਅਤੇ ਸਵਾਲ ਸਦਾ ਲਈ ਸਾਡੇ ਅੰਦਰ ਤੜਫਦੇ ਰਹਿੰਦੇ ਹਨ ਅਤੇ ਸਾਰੀ ਉਮਰ ਸਾਡੀ ਜਿੰਦਗੀ ਇਨ੍ਹਾਂ ਸਵਾਲਾਂ ਦੇ ਜਵਾਬ ਮੰਗਦੀ ਰਹਿੰਦੀ ਹੈ। ਭਾਵੇਂ ਅਕਸਰ ਅਸੀਂ ਆਪਣੇ ਮਾਤਾ—ਪਿਤਾ ਨਾਲ ਲੜ ਪੈਂਦੇ ਹਾਂ ਪ੍ਰੰਤੂ ਇੱਕ ਦਿਨ ਸਾਨੂੰ ਅਹਿਸਾਸ ਜਰੂਰ ਹੁੰਦਾ ਹੈ ਕਿ ਜ਼ੋ ਸੁੱਖ ਸਹੂਲਤਾ ਲਈ ਮਾਤਾ—ਪਿਤਾ ਨਾਲ ਅਸੀਂ ਲੜਦੇ ਰਹਿੰਦੇ ਸੀ ਉਹ ਸਾਡੇ ਮਾਤਾ—ਪਿਤਾ ਦੇ ਪਿਆਰ ਅੱਗੇ ਬਹੁਤ ਛੋਟੀਆਂ ਸਨ, ਪ੍ਰੰਤੂ ਸਮਾਂ ਲੰਘ ਜਾਣ ਤੇ ਅਸੀਂ ਪਛਤਾਉਂਦੇ ਰਹਿੰਦੇ ਹਾਂ। ਆਓ ਅਸੀਂ ਸਾਰੇ ਆਪਣੇ ਸਾਰੀ ਜਿੰਦਗੀ ਵਿੱਚ ਪਛਤਾਉਂਣ ਨਾਲੋਂ ਆਪਣੇ ਮਾਤਾ—ਪਿਤਾ ਲਈ ਜਿਉਂਣਾ ਸਿੱਖੀਏ।
ਆਪਣੇ ਮਾਤਾ—ਪਿਤਾ ਦੀ ਯਾਦ ਨੂੰ ਸਮਰਪਿਤ
ਡਾ. ਬਿਮਲ ਸ਼ਰਮਾ
Author: DISHA DARPAN
Journalism is all about headlines and deadlines.