ਬਠਿੰਡਾ ,15 ਅਪ੍ਰੈਲ ( ਗੁਰਪ੍ਰੀਤ ਚਹਿਲ )
ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਅੱਜ ਇੱਕ ਨੌਜਵਾਨ ਨੂੰ ਚੋਰੀ ਦੇ ਮੋਟਰ ਸਾਇਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਮੁੱਖ ਅਫਸਰ ਇੰਸਪੈਕਟਰ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਬੀਤੀ ਬਾਰਾਂ ਤਰੀਕ ਨੂੰ ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਅਜੀਤ ਰੋੜ ਸਥਿਤ ਬ੍ਰਿੱਲਜ਼ ਇੰਸਟੀਚਿਊਟ ਦਾ ਵਿਦਿਆਰਥੀ ਹੈ। ਬੀਤੇ ਦਿਨੀਂ ਉਸਨੇ ਆਪਣਾ ਮੋਟਰ ਸਾਇਕਲ ਸਪਲੈਂਡਰ ਪਲੱਸ ਰੰਗ ਗ੍ਰੇਅ ਉਕਤ ਇੰਸਟੀਚਿਊਟ ਅੱਗੇ ਖੜ੍ਹਾ ਕੀਤਾ ਸੀ ਪਰ ਕਲਾਸ ਦੀ ਸਮਾਪਤੀ ਤੇ ਜਦੋਂ ਉਹ ਬਾਹਰ ਆਇਆ ਤਾਂ ਮੋਟਰ ਸਾਇਕਲ ਗਾਇਬ ਸੀ ਜਿਸਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ।ਥਾਣਾ ਮੁਖੀ ਨੇ ਕਿਹਾ ਕਿ ਇਸ ਉੱਤੇ ਸਾਡੀ ਪੁਲਿਸ ਪਾਰਟੀ ਮੁਸਤੈਦ ਹੋ ਗਈ, ਅੱਜ ਪੁਲਿਸ ਵੱਲੋਂ ਮਹੇਸ਼ਵਰੀ ਚੌਕ ਵਿੱਚ ਨਾਕਾ ਲਗਾਇਆ ਹੋਇਆ ਸੀ ਤਾਂ ਇੱਕ ਬਿਨਾ ਨੰਬਰ ਮੋਟਰ ਸਾਇਕਲ ਨੂੰ ਰੋਕ ਜਦੋਂ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਮੋਟਰ ਸਾਇਕਲ ਚੋਰੀ ਦਾ ਹੈ। ਜਿਸਤੇ ਮੌਕੇ ਤੋ ਅਮਰਿੰਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਬਹਿਮਣ ਦੀਵਾਨਾ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਨੌਜਵਾਨ ਨੇ ਦੱਸਿਆ ਕਿ ਉਸਨੇ ਇਹ ਬਾਈਕ ਅਜੀਤ ਰੋੜ ਤੋਂ ਚੋਰੀ ਕੀਤਾ ਹੈ ਅਤੇ ਇਸਦੀਆਂ ਨੰਬਰ ਪਲੇਟਾਂ ਗਊਸਾਲਾ ਕੋਲ ਉਤਾਰ ਕੇ ਰੱਖੀਆਂ ਹੋਈਆਂ ਹਨ।ਸ੍ਰੀ ਸਰਾਂ ਨੇ ਦੱਸਿਆ ਕਿ ਉਤਾਰੀਆਂ ਨੰਬਰ ਪਲੇਟਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਉਕਤ ਦੋਸ਼ੀ ਨੂੰ ਦਰਜ਼ ਮੁਕੱਦਮੇ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ।ਓਹਨਾ ਦੱਸਿਆ ਕਿ ਦੋਸ਼ੀ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਅਗਲੇਰੀ ਪੁੱਛ ਪੜਤਾਲ ਜ਼ਾਰੀ ਹੈ।
Author: DISHA DARPAN
Journalism is all about headlines and deadlines.