ਬਠਿੰਡਾ, 31ਮਾਰਚ( ਗੁਰਪ੍ਰੀਤ ਚਹਿਲ)ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲਈ ਵੰਗਾਰ ਬਣਿਆ ਨਸ਼ਾ ਅੱਜ ਇਸ ਸਰਕਾਰ ਅਤੇ ਪੁਲਿਸ ਉੱਤੇ ਭਾਰੂ ਪੈਂਦਾ ਦਿਖਾਈ ਦੇ ਰਿਹਾ ਹੈ ਜਿਸਦੀ ਭੇਂਟ ਚੜ੍ਹ ਰਹੀ ਹੈ ਪੰਜਾਬ ਦੀ ਜਵਾਨੀ। ਨਸ਼ਿਆਂ ਕਾਰਨ ਨਿੱਤ ਦਿਨ ਹੁੰਦੀਆਂ ਮੌਤਾਂ ਵਿੱਚ ਅੱਜ ਇੱਕ ਦਾ ਹੋਰ ਵਾਧਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਬਲਾਕ ਸੰਗਤ ਅਧੀਨ ਪੈਂਦੇ ਪਿੰਡ ਪੱਕਾ ਕਲਾਂ ਵਿਖੇ ਨਸ਼ੇ ਦੀ ਤੋੜ ਉੱਤੋਂ ਘਰ ਦੀ ਆਰਥਿਕ ਤੰਗੀ ਨੇ ਇੱਕ 30 ਸਾਲਾ ਨੌਜਵਾਨ ਨੂੰ ਜ਼ਿੰਦਗੀ ਦੇ ਸੰਘਰਸ਼ ਅੱਗੇ ਹਾਰ ਮੰਨਣ ਲਈ ਮਜ਼ਬੂਰ ਕਰ ਦਿੱਤਾ।ਪਿੰਡ ਪੱਕਾ ਕਲਾਂ ਦਾ ਅਮਨਦੀਪ ਸਿੰਘ ਨਾਮਕ ਇਹ ਯੁਵਕ ਜਿਸਦੇ ਸਿਰ ਤੇ ਪਿਓ ਦਾ ਸਾਇਆ ਵੀ ਨਹੀਂ ਸੀ ਆਪਣੇ ਘਰ ਵਿੱਚ ਹੀ ਬਿਜਲੀ ਦੇ ਸਮਾਨ ਦੀ ਰਿਪੇਅਰ ਦਾ ਕੰਮ ਕਰਦਾ ਸੀ। ਉਕਤ ਪਿਛਲੇ ਕੁੱਝ ਸਮੇਂ ਤੋਂ ਨਸ਼ੀਲੀਆਂ ਗੋਲੀਆਂ ਖਾਣ ਦਾ ਆਦੀ ਹੋ ਚੁੱਕਿਆ ਸੀ।ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਜਦੋਂ ਇਸ ਦੀ ਪਤਨੀ ਬੀਤੇ ਦਿਨੀਂ ਸਵੇਰ ਸਮੇਂ ਉਸਨੂੰ ਚਾਹ ਦੇਣ ਗਈ ਤਾਂ ਉਸਦੇ ਮੂੰਹ ਚੋਂ ਝੱਗ ਨਿੱਕਲ ਰਹੀ ਸੀ। ਪੁੱਛਣ ਤੇ ਉਸਨੇ ਦੱਸਿਆ ਕਿ ਉਸਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਪਰਿਵਾਰ ਵੱਲੋਂ ਉਸਨੂੰ ਪਹਿਲਾਂ ਬਠਿੰਡਾ ਲਿਜਾਇਆ ਗਿਆ ਉਪਰੰਤ ਉਸਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਉਸਦੀ ਮੌਤ ਹੋ ਗਈ। ਇਸ ਬਾਰੇ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਨਸ਼ੇ ਦਾ ਆਦੀ ਹੋ ਚੁੱਕਿਆ ਸੀ ਪਰ ਘਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ ਜਿਸ ਕਾਰਨ ਇਸ ਨੌਜਵਾਨ ਵੱਲੋਂ ਖੁਦਕੁਸ਼ੀ ਵਰਗਾ ਗ਼ਲਤ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਲੱਖ ਦਾਅਵੇ ਕਰੀ ਜਾਵੇ ਪਰ ਅੱਜ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਅਤੇ ਇਸ ਨਸ਼ੇ ਦੇ ਵਗਦੇ ਦਰਿਆ ਨੂੰ ਬੰਨ੍ਹ ਲਾਇਆ ਜਾਵੇ।
Author: DISHA DARPAN
Journalism is all about headlines and deadlines.