ਤਲਵੰਡੀ ਸਾਬੋ 31 ਮਾਰਚ(ਪੱਤਰ ਪ੍ਰੇਰਕ))ਮਾਲਵੇ ਦੇ ਪ੍ਰਸਿੱਧ ਅਤੇ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਵਿਖੇ ਸ਼੍ਰੀ ਦਮਦਮਾ ਸਾਹਿਬ ਹੌਰਸ ਸੁਸਾਇਟੀ ਵੱਲੋਂ ਪਹਿਲੀ ਵਾਰ ਕਰਵਾਇਆ ਗਿਆ ਘੋੜਿਆਂ ਦਾ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਜ਼ਿਕਰਯੋਗ ਹੈ ਕਿ ਇਹ ਘੋੜਿਆਂ ਦਾ ਪ੍ਰਦਰਸ਼ਨੀ ਮੇਲਾ 24 ਮਾਰਚ ਤੋਂ ਸ਼ੁਰੂ ਹੋਇਆ ਸੀ।ਜਿਸ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਤੋਂ ਘੋੜੇ-ਘੋੜੀਆਂ ਤੋਂ ਇਲਾਵਾ ਬੱਕਰੀਆਂ,ਰੰਗ ਬਿਰੰਗੇ ਪੰਛੀ,ਚਿੜੀਆਂ,ਬਾਜ,ਮੁਰਗੇ-ਮੁਰਗੀਆਂ,ਚੁਰਚਰੇ,ਟਰਕੀ,ਕੁੱਤੇ,ਕਤੂਰੇ ਤੇ ਹੋਰ ਕਈ ਪ੍ਰਕਾਰ ਦੇ ਵਿਦੇਸ਼ੀ ਪ੍ਰਜਾਤੀ ਵਾਲੇ ਪੰਛੀਆਂ ਅਤੇ ਜਾਨਵਰਾਂ ਨੂੰ ਲੈ ਕੇ ਉਨ੍ਹਾਂ ਦੇ ਮਾਲਕ ਪਹੁੰਚੇ ਹੋਏ ਸਨ।ਤਲਵੰਡੀ ਸਾਬੋ ਵਿੱਚ ਪਹਿਲੀ ਵਾਰ ਲੱਗੇ ਇਸ ਪ੍ਰਦਰਸ਼ਨੀ ਮੇਲੇ ਵਿੱਚ ਇਲਾਕੇ ਦੇ ਲੋਕਾਂ ਨੇ ਹਰ ਰੋਜ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਖਾਸਕਰ ਨੌਜਵਾਨਾਂ ਨੇ ਇਸ ਵਿੱਚ ਵਧੇਰੇ ਦਿਲਚਸਪੀ ਵਿਖਾਈ।ਪ੍ਰਬੰਧਕਾਂ ਵਲੋਂ 30 ਮਾਰਚ ਨੂੰ ਘੋੜੇ ਘੋੜੀਆਂ ਦੀਆਂ ਰੇਵੀਆਂ ਚਾਲਾਂ ਦੇ ਮੁਕਾਬਲੇ ਕਰਵਾਏ ਗਏ।ਜਦ ਕਿ ਅੱਜ 31 ਮਾਰਚ ਨੂੰ ਘੋੜੇ-ਘੋੜੀਆਂ ਦੇ ਸਪੱਟਾ ਦੌੜ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ 14 ਘੋੜ ਸਵਾਰਾਂ ਵੱਲੋਂ ਹਿੱਸਾ ਲਿਆ ਗਿਆ।ਇਸ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਰਾਜ ਦਬੁਰਜੀ ਦਾ ਘੋੜਾ ਆਇਆ।ਰਾਜ ਸਿੰਘ ਦਬੁਰਜੀ ਨੂੰ ਬਾਬਾ ਜੋਰਾ ਸਿੰਘ,ਫਤਹਿ ਸਿੰਘ ਭਲਵਾਨ, ਸੁਖਬੀਰ ਸਿੰਘ ਚੱਠਾ ਤੇ ਸੁਸਾਇਟੀ ਮੈਂਬਰਾਂ ਵੱਲੋਂ 31 ਹਜ਼ਾਰ ਰੁਪਈਆ ਤੇ ਟ੍ਰਾਫੀ ਦੇ ਕੇ ਸਨਮਾਨਤ ਕੀਤਾ ਗਿਆ।ਦੂਜੇ ਨੰਬਰ ਤੇ ਆਉਣ ਵਾਲਾ ਘੋੜਾ ਹਰਜੀਤ ਸਿੰਘ ਗੁਰੂਸਰ ਦਾ ਰਿਹਾ।ਸੁਸਾਇਟੀ ਵਲੋਂ ਦੱਸਵੇਂ ਨੰਬਰ ਤੱਕ ਆਉਣ ਵਾਲੇ ਘੋੜੇ ਪਾਲਕਾਂ ਨੂੰ ਸਨਮਾਨਿਤ ਕੀਤਾ ਗਿਆ।ਚੱਠਾ ਸਟੱਡ ਫਾਰਮ ਦੇ ਮਾਲਕ ਸੁਖਬੀਰ ਸਿੰਘ ਚੱਠਾ ਨੇ ਦੱਸਿਆ ਕਿ ਸਾਡੇ ਵੱਲੋਂ ਪਹਿਲੀ ਵਾਰ ਕਰਵਾਏ ਗਏ ਇਸ ਮੇਲੇ ਨੂੰ ਘੋੜਾ ਪਾਲਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ ਅਗਲੀ ਵਾਰ ਅਸੀਂ ਇਹ ਮੇਲਾ ਫਰਵਰੀ ਵਿਚ ਕਰਵਾਵਾਂਗੇ।ਉੱਘੇ ਘੋੜਾ ਪਾਲਕ ਬਾਬਾ ਜੋਰਾ ਸਿੰਘ ਨੇ ਆਏ ਹੋਏ ਸਾਰੇ ਘੋੜਾ ਪਾਲਕਾਂ,ਸਹਿਯੋਗੀ ਸੱਜਣਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
Author: DISHA DARPAN
Journalism is all about headlines and deadlines.