ਬਠਿੰਡਾ, 28 ਫਰਵਰੀ ( ਰਾਵਤ ) ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਬੀ.ਐਫ.ਸੀ.ਈ.ਟੀ.) ਦੇ ਸਿਵਲ ਇੰਜ. ਵਿਭਾਗ ਵੱਲੋਂ ਜੇ.ਕੇ. ਸੀਮਿੰਟ, ਆਈ.ਸੀ.ਆਈ. ਅਤੇ ਆਈ.ਜੀ.ਬੀ.ਸੀ. ਦੇ ਸਹਿਯੋਗ ਨਾਲ ‘ਕਪੈਸਟੀ ਡਿਵੈਲਪਮੈਂਟ: ਬਿਲਡਿੰਗ ਨਿਰਮਾਣ ਦੀ ਇੱਕ ਸਮਝ’ ਬਾਰੇ ਇੱਕ ਰੋਜ਼ਾ ਸਕਿਲ ਡਿਵੈਲਪਮੈਂਟ ਵਰਕਸ਼ਾਪ ਕਰਵਾਈ ਗਈ। ਸਿਵਲ ਇੰਜ. ਵਿਭਾਗ ਦੀ ਮੁਖੀ ਇੰਜ. ਤਨੂ ਤਨੇਜਾ ਨੇ ਇਸ ਵਰਕਸ਼ਾਪ ਵਿੱਚ ਸ਼ਾਮਲ ਸਾਰੇ ਮਾਹਿਰਾਂ ਅਤੇ ਆਰਕੀਟੈਕਟਾਂ ਦਾ ਨਿੱਘਾ ਸਵਾਗਤ ਕਰਦਿਆਂ ਇਸ ਵਰਕਸ਼ਾਪ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਹ ਵਰਕਸ਼ਾਪ ਨਵੀਆਂ ਤਕਨੀਕਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਮਕਾਨਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਚੰਗੇ ਨਿਰਮਾਣ ਅਭਿਆਸਾਂ ਅਤੇ ਸਮੱਗਰੀ ਦੀ ਪੜਚੋਲ ਕਰਨ ਲਈ ਆਯੋਜਿਤ ਕੀਤੀ ਗਈ ਸੀ। ਇਸ ਵਰਕਸ਼ਾਪ ਵਿੱਚ ਮਾਨਤਾ ਪ੍ਰਾਪਤ ਪ੍ਰਾਈਵੇਟ ਕੰਪਨੀਆਂ ਦੇ ਆਰਕੀਟੈਕਟਾਂ ਅਤੇ ਸਿਵਲ ਇੰਜ. ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਇੰਜ. ਅਮਿਤ ਅਗਰਵਾਲ (ਸਟੇਟ ਹੈੱਡ, ਕਸਟਮਰ ਟੈਕਨੀਕਲ ਸਰਵਿਸਿਜ਼, ਪੰਜਾਬ), ਆਰਕੀਟੈਕਟ ਜੀਤ ਕੁਮਾਰ ਗੁਪਤਾ, ਚੇਅਰਮੈਨ, ਆਈ.ਜੀ.ਬੀ.ਸੀ. ਚੰਡੀਗੜ੍ਹ ਚੈਪਟਰ ਅਤੇ ਇੰਜ. ਪੰਕਜ ਮਿੱਤਲ (ਸਹਾਇਕ ਪ੍ਰੋਫੈਸਰ, ਬੀ.ਐਫ.ਸੀ.ਈ.ਟੀ.) ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਮੈਨੂਫੈਕਚਰਿੰਗ, ਮੈਟੀਰੀਅਲ ਟੈਸਟਿੰਗ ਅਤੇ ਊਰਜਾ ਕੁਸ਼ਲ ਬਿਲਡਿੰਗ ਬਾਰੇ ਚਰਚਾ ਕੀਤੀ । ਬੀ.ਐਫ.ਸੀ.ਈ.ਟੀ.ਵਿਖੇ ਇਸ ਵਰਕਸ਼ਾਪ ਦੇ ਸੁਚਾਰੂ ਸੰਚਾਲਨ ਲਈ ਇੰਜ. ਦਰਪਨ ਸ਼ਰਮਾ (ਅਫ਼ਸਰ, ਕਸਟਮਰ ਟੈਕਨੀਕਲ ਸਰਵਿਸਿਜ਼, ਬਠਿੰਡਾ), ਸ. ਗੁਰਪ੍ਰੀਤ ਸਿੰਘ (ਸਾਈਟ ਇੰਜੀਨੀਅਰ, ਬਠਿੰਡਾ) ਅਤੇ ਬੀ.ਐਫ.ਸੀ.ਈ.ਟੀ. ਦੇ ਅਲੂਮਨੀ ਤੇ ਸਹਾਇਕ ਪ੍ਰੋਫੈਸਰ ਇੰਜ. ਪੰਕਜ ਮਿੱਤਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਸੈਸ਼ਨ ਦੇ ਅੰਤ ਵਿੱਚ ਭਾਗੀਦਾਰਾਂ ਤੋਂ ਇਸ ਵਰਕਸ਼ਾਪ ਬਾਰੇ ਫੀਡਬੈਕ ਲਿਆ ਗਿਆ। ਸਮਾਪਤੀ ਸਮਾਰੋਹ ਦੌਰਾਨ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਇਸ ਮੌਕੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਪ੍ਰਿੰਸੀਪਲ ਡਾ. ਜਯੋਤੀ ਬਾਂਸਲ ਨੇ ਸਾਰਿਆਂ ਲਈ ਧੰਨਵਾਦੀ ਸ਼ਬਦ ਕਹੇ। ਉਨ੍ਹਾਂ ਨੇ ਜੇ.ਕੇ.ਸੀਮਿੰਟ ਨਾਲ ਬੀ.ਐਫ.ਸੀ.ਈ.ਟੀ. ਦੀ ਸਾਂਝ ਬਾਰੇ ਜਾਣਕਾਰੀ ਦਿੱਤੀ ਅਤੇ ਜੇ.ਕੇ. ਸੀਮਿੰਟ ਦੁਆਰਾ ਕਾਲਜ ਨੂੰ ਟਰੇਨਿੰਗ ਅਤੇ ਪਲੇਸਮੈਂਟ ਦੇ ਮੌਕਿਆਂ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਵਿੱਚ ਸ਼ਾਮਲ ਪ੍ਰਸਿੱਧ ਸ਼ਖ਼ਸੀਅਤਾਂ ਸਦਕਾ ਬੀ.ਐਫ.ਸੀ.ਈ.ਟੀ. ਬਹੁਤ ਮਾਣ ਅਤੇ ਸਨਮਾਨ ਮਹਿਸੂਸ ਕਰ ਰਿਹਾ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬੀ.ਐਫ.ਸੀ.ਈ.ਟੀ. ਦੇ ਸਿਵਲ ਇੰਜ. ਵਿਭਾਗ ਦੀ ਸਮੁੱਚੀ ਪ੍ਰਬੰਧਕੀ ਟੀਮ ਨੂੰ ਇਸ ਸਫਲ ਉਪਰਾਲੇ ਲਈ ਵਧਾਈ ਦਿੱਤੀ ।
Author: DISHA DARPAN
Journalism is all about headlines and deadlines.