ਬਠਿੰਡਾ – 20 ਫਰਵਰੀ : ਵਿਧਾਨ ਸਭਾ ਚੋਣਾਂ-2022 ਜ਼ਿਲ੍ਹੇ ਅੰਦਰ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਹਨ। ਜ਼ਿਲ੍ਹੇ ਚ 76.20 ਫ਼ੀਸਦੀ ਵੋਟਿੰਗ ਹੋਈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਸਾਂਝੀ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੀਤ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅਧੀਨ ਪੈਂਦੇ 6 ਵਿਧਾਨ ਸਭਾ ਹਲਕਿਆ (90-ਰਾਮਪੁਰਾ,91-ਭੁੱਚੋਂ ਮੰਡੀ, 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ,94-ਤਲਵੰਡੀ ਸਾਬੋ ਅਤੇ 95-ਮੌੜ) ਤੋਂ ਚੋਣ ਲੜ ਰਹੇ ਵੱਖ-ਵੱਖ ਰਾਜਨੀਤਿਕ ਤੇ ਆਜ਼ਾਦ ਉਮੀਦਵਾਰਾਂ ਦੀ ਈਵੀਐਮ ਮਸ਼ੀਨਾਂ ਵਿਚ ਕਿਸਮਤ ਬੰਦ ਹੋ ਗਈ ਹੈ, ਜਿਨ੍ਹਾਂ ਦੇ ਨਤੀਜੇ 10 ਮਾਰਚ 2022 ਨੂੰ ਘੋਸ਼ਿਤ ਕੀਤੇ ਜਾਣਗੇ।ਜ਼ਿਲ੍ਹਾ ਚੋਣ ਅਫ਼ਸਰ ਨੇ ਹੋਈ ਪੋਲਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 90-ਰਾਮਪੁਰਾ ਚ 76.8 ਫੀਸਦੀ, 91-ਭੁੱਚੋਂ ਮੰਡੀ 76 ਫੀਸਦੀ,92-ਬਠਿੰਡਾ ਸ਼ਹਿਰੀ 69.9 ਫੀਸਦੀ, 93-ਬਠਿੰਡਾ ਦਿਹਾਤੀ 74.90 ਫੀਸਦੀ, 94-ਤਲਵੰਡੀ ਸਾਬੋ 79 ਫੀਸਦੀ ਅਤੇ 95-ਮੌੜ 80.57 ਫੀਸਦੀ ਨਾਗਰਿਕਾਂ ਵਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ।ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ 1192 ਪੋਲਿੰਗ ਬੂਥਾਂ `ਚ ਚੋਣ ਪ੍ਰਕਿਰਿਆ ਅਮਨ-ਸ਼ਾਂਤੀ ਨੇਪਰੇ ਚੜ੍ਹੀ। ਪੋਲਿੰਗ ਪਾਰਟੀਆਂ ਅਤੇ ਵੋਟ ਪਾਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਈ। ਉਨ੍ਹਾਂ ਕਿਹਾ ਕਿ ਪੋਲਿੰਗ ਦੌਰਾਨ ਕੋਵਿਡ ਦੇ ਮੱਦੇਨਜ਼ਰ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ। ਜ਼ਿਲ੍ਹਾ ਚੋਣ ਅਫ਼ਸਰ ਨੇ ਵਿਧਾਨ ਸਭਾ ਚੋਣਾਂ ਨੂੰ ਸ਼ਾਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਮੁੱਚੇ ਚੋਣ ਅਮਲੇ ਨੂੰ ਵਧਾਈ ਤੇ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ
Author: DISHA DARPAN
Journalism is all about headlines and deadlines.