ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਉਲੀਕੀ ਰਣਨੀਤੀ
ਬਠਿੰਡਾ 20, ਦਸੰਬਰ-( ਰਾਵਤ ):ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ‘ਮੈਗਾ ਮਾਪੇ-ਅਧਿਆਪਕ ਮਿਲਣੀ’ ਬਹੁਤ ਹੀ ਉਤਸ਼ਾਹ ਨਾਲ ਕਰਵਾਈ ਗਈ। ਇਸ ਮਿਲਣੀ ਦਾ ਮੁੱਖ ਉਦੇਸ਼ ਸਕੂਲ ਅਤੇ ਮਾਪਿਆਂ ਵਿਚਕਾਰ ਸਾਂਝ ਪੈਦਾ ਕਰਨਾ ਅਤੇ ਬੱਚਿਆਂ ਦੇ ਵਿਦਿਅਕ ਮਿਆਰ ਨੂੰ ਉੱਚਾ ਚੁੱਕਣਾ ਰਿਹਾ।

ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਵੱਲੋਂ ਵਿਭਾਗੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਕੂਲਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਮਾਪਿਆਂ ਦੇ ਬੈਠਣ ਅਤੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ । ਇਸ ਮੌਕੇ ਸਿਰਫ਼ ਮਾਪੇ ਹੀ ਨਹੀਂ, ਸਗੋਂ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ, ਪੰਚਾਇਤਾਂ ਅਤੇ ਪਿੰਡ ਵਾਸੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਕੂਲੀ ਸਿੱਖਿਆ ਪ੍ਰਤੀ ਆਪਣੀ ਗੰਭੀਰਤਾ ਦਿਖਾਈ।
ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਵੀ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਨ੍ਹਾਂ ਅਧਿਕਾਰੀਆਂ ਨੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਅਤੇ ਚੱਲ ਰਹੇ ਵਿਦਿਅਕ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ।
ਇਸ ਮਿਲਣੀ ਦੀ ਖ਼ਾਸੀਅਤ ਇਹ ਰਹੀ ਕਿ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਦੇ ਉੱਚ ਅਧਿਕਾਰੀਆਂ ਨੇ ਵੀ ਆਨਲਾਈਨ ਮਾਧਿਅਮ ਰਾਹੀਂ ਸ਼ਿਰਕਤ ਕੀਤੀ। ਅਧਿਕਾਰੀਆਂ ਨੇ ਵੀਡੀਓ ਕਾਲ ਰਾਹੀਂ ਬਠਿੰਡਾ ਦੇ ਵੱਖ-ਵੱਖ ਸਕੂਲਾਂ ਵਿੱਚ ਹਾਜ਼ਰ ਮਾਪਿਆਂ ਨਾਲ ਸਿੱਧਾ ਸੰਵਾਦ ਰਚਾਇਆ। ਉਨ੍ਹਾਂ ਨੇ ਮਾਪਿਆਂ ਤੋਂ ਸਕੂਲਾਂ ਦੀ ਕਾਰਗੁਜ਼ਾਰੀ, ਮਿਡ-ਡੇ-ਮੀਲ ਦੀ ਗੁਣਵੱਤਾ ਅਤੇ ਅਧਿਆਪਕਾਂ ਦੇ ਰਵੱਈਏ ਬਾਰੇ ਫ਼ੀਡਬੈਕ ਲਈ।
ਮੈਗਾ ਮਾਪੇ ਮਿਲਣੀ ਮਹਿਜ਼ ਇੱਕ ਮੀਟਿੰਗ ਹੀ ਨਹੀਂ, ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਮਹੱਤਵਪੂਰਨ ਉਪਰਾਲਾ ਵੀ ਹੈ-ਮਨਿੰਦਰ ਕੌਰ
ਇਸ ਮੌਕੇ ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਭੁੱਚੋ ਮੰਡੀ ਕੁੜੀਆਂ, ਸਰਕਾਰੀ ਪ੍ਰਾਇਮਰੀ ਸਕੂਲ ਭੁੱਚੋ ਕਲਾਂ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਥਾਣਾ (ਲੜਕੇ) ਸਕੂਲ ਵਿਜ਼ਿਟ ਕੀਤੇ।
ਇਸ ਮੌਕੇ ਉਹਨਾ ਨੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਗਾ ਮਾਪੇ ਮਿਲਣੀ ਮਹਿਜ਼ ਇੱਕ ਮੀਟਿੰਗ ਨਹੀਂ, ਸਗੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਇੱਕ ਮਹੱਤਵਪੂਰਨ ਉਪਰਾਲਾ ਹੈ। ਜਦੋਂ ਮਾਪੇ ਅਤੇ ਅਧਿਆਪਕ ਮਿਲ ਕੇ ਬੱਚੇ ਦੀ ਪ੍ਰਗਤੀ ‘ਤੇ ਚਰਚਾ ਕਰਦੇ ਹਨ, ਤਾਂ ਬੱਚੇ ਦੇ ਆਤਮ-ਵਿਸ਼ਵਾਸ ਵਿੱਚ ਦੁੱਗਣਾ ਵਾਧਾ ਹੁੰਦਾ ਹੈ। ਉਨ੍ਹਾਂ ਨੇ ਸਕੂਲਾਂ ਵਿੱਚ ਉਪਲਬਧ ਆਧੁਨਿਕ ਸਹੂਲਤਾਂ, ਜਿਵੇਂ ਸਮਾਰਟ ਕਲਾਸਰੂਮ, ਖੇਡ ਮੈਦਾਨ ਅਤੇ ਮੁਫ਼ਤ ਵਰਦੀਆਂ/ਕਿਤਾਬਾਂ ਬਾਰੇ ਮਾਪਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਵੱਖ-ਵੱਖ ਖੇਤਰਾਂ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਪਤਵੰਤੇ ਸੱਜਣਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਮਾਪਿਆਂ ਨੇ ਸਕੂਲਾਂ ਦੇ ਬਦਲਦੇ ਰੂਪ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਰੱਜ ਕੇ ਸ਼ਲਾਘਾ ਕੀਤੀ ਅਤੇ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਪ੍ਰਗਟਾਇਆ।
Author: DISHA DARPAN
Journalism is all about headlines and deadlines.





Users Today : 15
Users Yesterday : 13