ਲੁਧਿਆਣਾ, 22 ਦਸੰਬਰ 2023 ( ਰਾਵਤ )- ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਵਿੱਤੀ ਸਹਾਇਤਾ ਪ੍ਰਦਾਨ ਕਰਦਿਆਂ ਇੱਕ ਮ੍ਰਿਤਕ ਫੌਜੀ ਜਵਾਨ ਦੀ ਪਤਨੀ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈਕ ਸਪੁਰਦ ਕੀਤਾ ਹੈ। ਚੈਕ ਸੌਂਪਦਿਆਂ ਵਧੀਕ ਡਿਪਟੀ ਕਮਿਸ਼ਨਰ ਜਗਰਾਓਂ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਹਰ ਸਾਲ 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸਮਾਗਮ ਰਾਹੀਂ ਪ੍ਰਾਪਤ ਫੰਡ ਫੌਜ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਖਰਚ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਮ੍ਰਿਤਕ ਸਿਪਾਹੀ ਮਲਕੀਤ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਿਆਂ ਉਸਦੀ ਪਤਨੀ ਅਮਨਦੀਪ ਕੌਰ ਨੂੰ ਇੱਕ ਲੱਖ ਰੁਪਏ ਦਾ ਚੈਕ ਸੌਂਪਿਆ ਗਿਆ। ਇਸ ਤੋਂ ਇਲਾਵਾ ਪਰਿਵਾਰ ਦੇ ਖਰਚਿਆਂ ਲਈ ਅਗਲੇ 6 ਮਹੀਨਿਆਂ ਤੱਕ ਉਸਦੀ ਪਤਨੀ ਨੂੰ 15 ਹਜ਼ਾਰ ਰੁਪਏ ਮਹੀਨਾ ਵੀ ਦਿੱਤਾ ਜਾਵੇਗਾ, ਜਦੋਂ ਤੱਕ ਕਿ ਉਸ ਨੂੰ ਫੌਜ ਤੋਂ ਪੈਨਸ਼ਨ ਮਿਲਣੀ ਸ਼ੁਰੂ ਨਹੀਂ ਹੋ ਜਾਂਦੀ।ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ (ਸੇਵਾਮੁਕਤ) ਬਲਵਿੰਦਰ ਵਿਰਕ ਦੇ ਨਾਲ, ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਸਾਡੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ ਤਾਂ ਜੋ ਉਹ ਸੰਕਟ ਦੀ ਘੜੀ ਵਿੱਚ ਨਿਰਾਸ਼ ਨਾ ਹੋਣ। ਉਨ੍ਹਾਂ ਦੱਸਿਆ ਕਿ ਹਰ ਸਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ ਮੁਹਿੰਮ ਦੌਰਾਨ ਪ੍ਰਾਪਤ ਫੰਡਾਂ ਵਿੱਚੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੁੱਚਾ ਦੇਸ਼ ਸਾਡੀਆਂ ਰੱਖਿਆ ਬਲਾਂ ਦਾ ਰਿਣੀ ਹੈ, ਜੋ ਸਾਡੀਆਂ ਸਰਹੱਦਾਂ ਦੀ ਦਿਨ ਰਾਤ ਰਾਖੀ ਕਰਦੇ ਹਨ. ਇਸ ਲਈ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਵੀ ਬਣਦੀ ਹੈ ਅਤੇ ਔਖੇ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ।
Author: DISHA DARPAN
Journalism is all about headlines and deadlines.