ਲੁਧਿਆਣਾ, 22 ਦਸੰਬਰ 2023 ( ਰਾਵਤ ) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਵੱਖ-ਵੱਖ ਗਤੀਵਿਧੀਆਂ ਸ਼ੁਰੂ ਕਰਨ ਲਈ ਤੱਤਪਰ ਹੈ ਜਿਸਦੇ ਤਹਿਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ ਵਲੋਂ ਸਬੰਧਤ ਵਿਭਾਗਾਂ ਨਾਲ ਮੀਟਿੰਗ ਦੌਰਾਨ ਸਾਰੀ ਯੋਜਨਾ ਦਾ ਜਾਇਜ਼ਾ ਵੀ ਲਿਆ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੁਹਿੰਮ ਤਹਿਤ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਨਵੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸੰਦੇਸ਼ ਨੂੰ ਜ਼ਿਲ੍ਹੇ ਭਰ ਵਿੱਚ ਫੈਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੜਕੀਆਂ ਲਈ ਡਰਾਈਵਿੰਗ ਸਿਖਲਾਈ ਦੀਆਂ ਕਲਾਸਾਂ ਸ਼ੁਰੂ ਕਰਨ ਜਾ ਰਿਹਾ ਹੈ ਕਿਉਂਕਿ ਇਸ ਨਾਲ ਜ਼ਿੰਦਗੀ ਵਿੱਚ ਨਵੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਉਨ੍ਹਾਂ ਦੇ ਆਤਮਵਿਸ਼ਵਾਸ ਵਿੱਚ ਹੋਰ ਵਾਧਾ ਹੋਵੇਗਾ। ਇਸੇ ਤਰ੍ਹਾਂ ਸਾਡੇ ਜ਼ਿਲ੍ਹੇ ਨਾਲ ਸਬੰਧਤ ਸਫਲ ਔਰਤਾਂ ਦੀਆਂ ਪੇਂਟਿੰਗਾਂ ਪ੍ਰਮੁੱਖ ਸਥਾਨਾਂ ‘ਤੇ ਬਣਾਈਆਂ ਜਾਣਗੀਆਂ ਤਾਂ ਜੋ ਇਨ੍ਹਾਂ ਰੋਲ ਮਾਡਲਾਂ ਰਾਹੀਂ ਮਹਿਲਾ ਸਸ਼ਕਤੀਕਰਨ ਦਾ ਮਜ਼ਬੂਤ ਸੰਦੇਸ਼ ਦਿੱਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਨਤਕ ਥਾਵਾਂ ‘ਤੇ ਫੀਡਿੰਗ ਕਾਰਨਰ ਸਥਾਪਤ ਕਰਨ ਅਤੇ ਲੜਕੀਆਂ ਲਈ ਕਿੱਤਾਮੁਖੀ ਕੋਰਸ ਸ਼ੁਰੂ ਕਰਨ ਤੋਂ ਇਲਾਵਾ ਹੋਰ ਗਤੀਵਿਧੀਆਂ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਗਤੀਵਿਧੀਆਂ ਨੂੰ ਸਭ ਤੋਂ ਵੱਧ ਤਰਜੀਹ ਦੇਣ ਤਾਂ ਜੋ ਇਸ ਸਕੀਮ ਨੂੰ ਸਫਲਾ ਕੀਤਾ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਪ੍ਰਸ਼ਾਸਨ ਨੇ ਲਿੰਗ ਸਮਾਨਤਾ ਅਤੇ ਲੜਕੀਆਂ ਦੀ ਮਹੱਤਤਾ ਦਾ ਸੁਨੇਹਾ ਦੇਣ ਲਈ ਇਸ ਸਕੀਮ ਤਹਿਤ ਪਹਿਲਾਂ ਹੀ ਅਨੇਕਾਂ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ। ਹੁਣ, ਇਸ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਕੁਝ ਨਵੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣੀਆਂ ਹਨ।
Author: DISHA DARPAN
Journalism is all about headlines and deadlines.