ਬਠਿੰਡਾ, 30 ਅਪ੍ਰੈਲ (ਗੁਰਪ੍ਰੀਤ ਚਹਿਲ)
ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਅਣ ਅਧਿਕਾਰਤ ਤੌਰ ਤੇ ਮਿੰਨੀ ਸਕੱਤਰੇਤ ਦੀ ਪਾਰਕਿੰਗ ਵਿੱਚ ਖੜੀਆਂ ਕੀਤੀਆਂ ਕਰੀਬ 25 ਕਾਰਾਂ ਨੂੰ ਥਾਣਾ ਸਿਵਿਲ ਲਾਈਨ ਭੇਜਣ ਦੇ ਹੁਕਮ ਦਿੱਤੇ।ਵਧੇਰੇ ਜਾਣਕਾਰੀ ਦਿੰਦਿਆਂ ਕਚਹਿਰੀ ਪੁਲਿਸ ਚੌਂਕੀ ਦੇ ਇੰਚਾਰਜ਼ ਏ ਐੱਸ ਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਕਈ ਕਾਰਾਂ ਮਿੰਨੀ ਸਕੱਤਰੇਤ ਦੀ ਪਾਰਕਿੰਗ ਵਿੱਚ ਅਣ ਅਧਿਕਾਰਤ ਤੌਰ ਤੇ ਖੜੀਆਂ ਕੀਤੀਆਂ ਹੋਈਆਂ ਸਨ, ਜਿਸ ਕਾਰਨ ਸਟਾਫ਼ ਅਤੇ ਜਰੂਰੀ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਪਾਰਕਿੰਗ ਦੀ ਸਮੱਸਿਆ ਆ ਰਹੀ ਸੀ। ਜਦੋਂ ਹੀ ਇਹ ਮਾਮਲਾ ਡਿਪਟੀ ਕਮਿਸ਼ਨਰ ਸਾਹਿਬ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਇਹਨਾ ਗੱਡੀਆਂ ਨੂੰ ਤੁਰੰਤ ਹਟਾਉਣ ਦੇ ਹੁਕਮ ਜਾਰੀ ਕੀਤੇ। ਉਕਤ ਹੁਕਮਾਂ ਦੀ ਤਾਮੀਲ ਕਰਦੇ ਹੋਏ ਅੱਜ ਕ੍ਰੇਨ ਮੰਗਵਾ ਕੇ ਇਹਨਾ ਗੱਡੀਆਂ ਨੂੰ ਥਾਣਾ ਸਿਵਿਲ ਲਾਈਨ ਭੇਜ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਲੋਕਾਂ ਦੇ ਘਰਾਂ ਵਿੱਚ ਜਗ੍ਹਾ ਨਾ ਹੋਣ ਕਾਰਨ ਕੁੱਝ ਲੋਕਾਂ ਵੱਲੋਂ ਮਿੰਨੀ ਸਕੱਤਰੇਤ ਦੀ ਸਰਕਾਰੀ ਪਾਰਕਿੰਗ ਨੂੰ ਹੀ ਮੁਫ਼ਤ ਪਾਰਕਿੰਗ ਵਜੋਂ ਵਰਤਿਆ ਜਾ ਰਿਹਾ ਸੀ ਜਿਸ ਉੱਪਰ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਕਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
Author: DISHA DARPAN
Journalism is all about headlines and deadlines.