ਬਠਿੰਡਾ ,15 ਅਪ੍ਰੈਲ (ਅਸ਼ੋਕ ਵਰਮਾ ) ਨਸ਼ਿਆਂ ਖਿਲਾਫ ਮੁਹਿੰਮ ਦੌਰਾਨ ਮੋਗਾ ਪੁਲਿਸ ਦੇ ਸੀ ਆਈ ਏ ਸਟਾਫ ਦੇ ਇੰਚਾਰਜ ਇੰਸਪੈਕਟਰ ਤਿਰਲੋਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 10 ਕਿੱਲੋਗਰਾਮ ਅਫੀਮ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਆਪਣੀ ਇਸ ਕਾਰਵਾਈ ਦੌਰਾਨ ਦੋ ਕਾਰਾਂ ਵੀ ਕਬਜੇ ’ਚ ਲਈਆਂ ਹਨ ਜੋ ਨਸ਼ਾ ਤਸਕਰੀ ਲਈ ਵਰਤੀਆਂ ਜਾ ਰਹੀਆਂ ਸਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਸਕਰ ਭਾਰੀ ਮਾਤਰਾ ’ਚ ਅਫੀਮ ਲਿਆਉਣ ਉਪਰੰਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ’ਚ ਸਪਲਾਈ ਕਰਦੇ ਹਨ। ਪੁਲਿਸ ਨੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਇੱਕ ਯੋਜਨਾ ਬਣਾਈ ਸੀ ਜਿਸ ਦੇ ਜਾਲ ’ਚ ਇਹ ਲੋਕ ਫਸ ਗਏ। ਪੁਲਿਸ ਨੂੰ ਇਹ ਵੱਡੀ ਸਫਲਤਾ ਨਾਕਾਬੰਦੀ ਦਰਮਿਆਨ ਮਿਲੀ ਹੈ।
ਪੁਲਿਸ ਹਲਕਿਆਂ ’ਚ ਮੰਨਿਆ ਜਾ ਰਿਹਾ ਹੈ ਕਿ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਹੁੰਦੀ ਨਸ਼ਿਆਂ ਦੀ ਵਿੱਕਰੀ ਨੂੰ ਦੇਖਦਿਆਂ ਦੋਵੇਂ ਤਸਕਰ ਇਹ ਅਫੀਮ ਲਿਆਏ ਸਨ ਪਰ ਪੁਲਿਸ ਟੀਮ ਦੀ ਮੁਸਤੈਦੀ ਨੇ ਉਨ੍ਹਾਂ ਦੀ ਦਾਲ ਨਹੀਂ ਗਲਣ ਦਿੱਤੀ ਹੈ। ਸੀਨੀਅਰ ਪੁਲਿਸ ਕਪਤਾਨ ਮੋਗਾ ਚਰਨਜੀਤ ਸਿੰਘ ਸੋਹਲ ਨੇ ਪੁਲਿਸ ਨੂੰ ਮਿਲੀ ਇਸ ਅਹਿਮ ਸਫਲਤਾ ਖੁਲਾਸਾ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ। ਪੁਲਿਸ ਅਨੁਸਾਰ ਸੀਆਈਏ ਸਟਾਫ ਦੇ ਏ ਐਸ ਆਈ ਵਰਿੰਦਰ ਕੁਮਾਰ ਨੇ ਜੈਮਲ ਵਾਲਾ ਤੋਂ ਜੈ ਸਿੰਘ ਵਾਲਾ ਸੜਕ ਤੇ ਪੁਲਿਸ ਪਾਰਟੀ ਨਾਲ ਨਾਕਾ ਲਾਇਆ ਹੋਇਆ ਸੀ। ਪੁਲਿਸ ਇਸ ਦੌਰਾਨ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਇੱਕ ਆਲਟੋ ਕਾਰ ਦੀ ਤਲਾਸ਼ੀ ਲੈਣ ਤੇ ਇੱਕ ਕਿੱਲੋ ਅਫੀਮ ਬਰਾਮਦ ਕੀਤੀ ਗਈ।
ਨਸ਼ਾ ਤਸਕਰ ਦੀ ਪਛਾਣ ਅਵਤਾਰ ਸਿੰਘ ਸੰਘਾ ਪੁੱਤਰ ਮਹਿੰਦਰ ਸਿੰਘ ਵਾਸੀ ਡੇਮਰੂ ਖੁਰਦ ਦੇ ਤੌਰ ਤੇ ਹੋਈ ਹੈ। ਐਸ ਐਸ ਪੀ ਨੇ ਦੱਸਿਆ ਕਿ ਥਾਣਾ ਬਾਘਾ ਪੁਰਾਣਾ ’ਚ ਮੁਕੱਦਮਾ ਦਰਜ ਕਰਵਾਉਣ ਤੋਂ ਬਾਅਦ ਜਦੋਂ ਸੀ ਆਈ ਏ ਸਟਾਫ ਨੇ ਪੁੱਛ ਪੜਤਾਲ ਕੀਤੀ ਤਾਂ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਅਫੀਮ ਲਖਵਿੰਦਰ ਸਿੰਘ ਪੁੱਤਰ ਬਾਜ ਸਿੰਘ ਵਾਸੀ ਚੁਤਾਲਾ ਜਿਲ੍ਹਾ ਤਰਨਤਾਰਨ ਤੋਂ ਖਰੀਦੀ ਹੈ। ਉਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਲਖਵਿੰਦਰ ਸਿੰਘ ਅੱਜ ਵੀ ਅਫੀਮ ਵੇਚਣ ਦੇ ਇਰਾਦੇ ਨਾਲ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਇੰਕਸ਼ਾਫ ਦੇ ਅਧਾਰ ਤੇ ਮੋਗਾ ਪੁਲਿਸ ਨੇ ਲਖਵਿੰਦਰ ਸਿੰਘ ਨੂੰ ਅਫੀਮ ਸਮੇਤ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਨਾਕਾਬੰਦੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਹਾਇਕ ਥਾਣੇਦਾਰ ਬਲਧੀਰ ਸਿੰਘ ਨੇ ਲਖਵਿੰਦਰ ਸਿੰਘ ਪੁੱਤਰ ਬਾਜ ਸਿੰਘ ਵਾਸੀ ਚੁਤਾਲਾ ਜਿਲ੍ਹਾ ਤਰਨਤਾਰਨ ਨੂੰ ਕਾਬੂ ਕਰ ਲਿਆ। ਪੁਲਿਸ ਨੇ ਇਸ ਕਰੇਟਾ ਕਾਰ ਵਿੱਚੋਂ 9 ਕਿੱਲੋ ਅਫੀਮ ਬਰਾਮਦ ਕੀਤੀ ਹੈ। ਸਰਹੱਦੀ ਜਿਲ੍ਹੇ ਤਰਨਤਰਾਨ ਨਾਲ ਸਬੰਧਤ ਨਸ਼ਾ ਤਸਕਰ ਲਖਵਿੰਦਰ ਸਿੰਘ ਤੋਂ ਅਚਾਨਕ ਐਨੀ ਵੱਡੀ ਬਰਾਮਦਗੀ ਹੋਣ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਅਫੀਮ ਤਸਕਰੀ ਦੇ ਇਸ ਗੋਰਖਧੰਦੇ ਦਾ ਸਬੰਧ ਕੌਮਾਂਤਰੀ ਡਰੱਗ ਤਸਕਰਾਂ ਨਾਲ ਵੀ ਹੋ ਸਕਦਾ ਹੈ। ਐਸ ਐਸ ਪੀ ਨੇ ਦੱਸਿਆ ਕਿ ਮਾਮਲੇ ਨਾਲ ਜੁੜ ਸਕਣ ਵਾਲੇ ਵੱਖ ਵੱਖ ਨੁਕਤਿਆਂ ਦੇ ਅਧਾਰ ’ਤੇ ਤਫਤੀਸ਼ ਜਾਰੀ ਹੈ ਅਤੇ ਅਗਲੀ ਪੁੱਛ ਪੜਤਾਲ ਦਰਮਿਆਨ ਹੋਰ ਵੀ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।
ਪਿਛਲੇ 15 ਦਿਨਾਂ ਦਾ ਰਿਕਾਰਡ
ਮੋਗਾ ਪੁਲਿਸ ਨੇ ਪਿਛਲੇ 15 ਦਿਨਾਂ ਦੌਰਾਨ 18 ਮੁਲਜਮਾਂ ਖਿਲਾਫ
14 ਮੁਕੱਦਮੇ ਦਰਜ ਕਰਕੇ 80 ਗ੍ਰਾਮ ਹੈਰੋਇਨ, 50 ਗ੍ਰਾਮ ਸਮੈਕ, 10 ਕਿੱਲ ਅਫੀਮ, 1540 ਨਸ਼ੀਲੀਆ ਗੋਲੀਆਂ ਅਤੇ 50 ਹਜਾਰ ਰੁਪੈ ਡਰੱਗ ਮਨੀ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਆਬਕਾਰੀ ਐਕਟ ਤਹਿਤ 15 ਮੁਕੱਦਮੇ ਦਰਜ ਕਰਕੇ 16 ਵਿਅਕਤੀ ਗਿ੍ਰਫਤਾਰ ਕੀਤੇ ਹਨ ਜਿਹਨਾਂ ਤੋਂ 211.635 ਲੀਟਰ ਠੇਕੇ ਦੀ ਸ਼ਰਾਬ, 147 ਲੀਟਰ ਨਜਾਇਜ ਸ਼ਰਾਬ, 256 ਲੀਟਰ ਲਾਹਣ, 15.600 ਲੀਟਰ ਬੀਅਰ ਤੇ 2 ਚਾਲੂ ਭੱਠੀਆਂ ਵੀ ਫੜ੍ਹੀਆਂ ਹਨ। ਇਸ ਦੇ ਨਾਲ ਨਾਲ ਅਸਲਾ ਐਕਟ ਅਧੀਨ 3 ਮੁਕੱਦਮੇ ਦਰਜ ਕਰਕੇ 8 ਜਣੇ ਗਿ੍ਰਫਤਾਰ ਕੀਤੇ ਹਨ ਅਤੇ ਉਨ੍ਹਾਂ ਕੋਲੋਂ 3 ਨਜਾਇਜ ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ ਹਨ। ਇਸ ਦੌਰਾਨ 5 ਭਗੌੜਿਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਇਰਾਦਾ ਕਤਲ ਦੇ ਦੋ ਮਾਮਲੇ ਸੁਲਝਾਏ ਹਨ। ਚੋਰੀ ਦੇ ਮਾਮਲਿਆਂ ਵਿੱਚ ਚੋਰੀ ਦੀ ਇੱਕ ਕਾਰ ਅਤੇ 2 ਮੋਟਰਸਾਈਕਲ ਬਰਾਮਦ ਕਰਕੇ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।
Author: DISHA DARPAN
Journalism is all about headlines and deadlines.